ਨੋਟਬੰਦੀ ਨੇ ਤਬਾਹੀ ਹੀ ਲਿਆਂਦੀ

0
2

ਨੋਟਬੰਦੀ ਦੇ ਦਸ ਸਾਲ ਬਾਅਦ ਵੀ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਦੇ ਅੰਕੜੇ ਦਰਸਾਉਂਦੇ ਹਨ ਕਿ ਸਰਕੂਲੇਸ਼ਨ ਵਿੱਚ ਨਕਦੀ ਨੂੰ ਘਟਾਉਣ ਦਾ ਟੀਚਾ ਪ੍ਰਾਪਤ ਨਹੀਂ ਹੋਇਆ | ਨਕਦੀ ਦੀ ਵਰਤੋਂ ਨੋਟਬੰਦੀ ਤੋਂ ਪਹਿਲਾਂ ਦੇ ਪੱਧਰ ‘ਤੇ ਹੀ ਹੈ | ਇਸ ਦੌਰਾਨ, 500 ਰੁਪਏ ਦੇ ਨਕਲੀ ਨਵੇਂ ਨੋਟਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ | 2015-16 ਵਿੱਚ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦੇ ਪ੍ਰਤੀਸ਼ਤ ਵਜੋਂ ਲੋਕਾਂ ਕੋਲ ਨਕਦੀ ਦਾ ਹਿੱਸਾ 11.9 ਫੀਸਦੀ ਸੀ | 31 ਮਾਰਚ, 2026 ਤੱਕ ਇਹ ਅੰਕੜਾ 12.1 ਫੀਸਦੀ ਤੱਕ ਵਧ ਗਿਆ ਸੀ | ਇਸ ਦਾ ਮਤਲਬ ਹੈ ਕਿ ਨੋਟਬੰਦੀ ਤੋਂ ਬਾਅਦ ਕੋਈ ਮਹੱਤਵਪੂਰਨ ਕਮੀ ਨਹੀਂ ਆਈ |
ਇਸ ਦੇ ਉਲਟ ਜੀ ਡੀ ਪੀ ਦੇ ਪ੍ਰਤੀਸ਼ਤ ਵਜੋਂ ਯੂ ਪੀ ਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਲੈਣ-ਦੇਣ ਦਾ ਮੁੱਲ 2016-17 ਵਿੱਚ ਜ਼ੀਰੋ ਤੋਂ ਵਧ ਕੇ 2025-26 ਵਿੱਚ ਲੱਗਭੱਗ 91 ਪ੍ਰਤੀਸ਼ਤ ਹੋ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਨੋਟਬੰਦੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਸਰਕੂਲੇਸ਼ਨ ਵਿੱਚ ਵਾਧੂ ਨਕਦੀ ਸਿੱਧੇ ਤੌਰ ‘ਤੇ ਭਿ੍ਸ਼ਟਾਚਾਰ ਨਾਲ ਜੁੜੀ ਹੋਈ ਹੈ | ਇਸ ਨੇ ਹਵਾਲਾ ਲੈਣ-ਦੇਣ, ਕਾਲਾ ਧਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਤੇ ਦਹਿਸ਼ਤਗਰਦੀ ਨੂੰ ਉਤਸ਼ਾਹਤ ਕੀਤਾ | ਨੋਟਬੰਦੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਦੇਸ਼ ਨੂੰ ਘੱਟ ਨਕਦੀ-ਸੰਵੇਦਨਸ਼ੀਲ ਅਰਥਵਿਵਸਥਾ ਬਣਾਉਣਾ ਸੀ | ਹਾਲਾਂਕਿ ਆਰ ਬੀ ਆਈ ਦੇ ਅੰਕੜੇ ਦਰਸਾਉਂਦੇ ਹਨ ਕਿ ਇਹ ਟੀਚਾ ਅਜੇ ਤੱਕ ਪ੍ਰਾਪਤ ਨਹੀਂ ਹੋਇਆ | ਨੋਟਬੰਦੀ ਦਾ ਇੱਕ ਹੋਰ ਉਦੇਸ਼ ਨਕਲੀ ਕਰੰਸੀ ਨੂੰ ਰੋਕਣਾ ਸੀ | ਇਸ ਉਦੇਸ਼ ਲਈ ਸਰਕਾਰ ਨੇ 500 ਅਤੇ 2,000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ | ਦਾਅਵਾ ਇਹ ਸੀ ਕਿ ਇਨ੍ਹਾਂ ਨੋਟਾਂ ਦੀ ਨਕਲ ਮੁਸ਼ਕਲ ਹੋਵੇਗੀ | ਹਾਲਾਂਕਿ, 500 ਰੁਪਏ ਦੇ ਨਵੇਂ ਨੋਟਾਂ ਸੰਬੰਧੀ ਆਰ ਬੀ ਆਈ ਦੇ ਅੰਕੜੇ ਇਸ ਦਾਅਵੇ ‘ਤੇ ਸਵਾਲ ਖੜ੍ਹੇ ਕਰਦੇ ਹਨ | ਆਰ ਬੀ ਆਈ ਮੁਤਾਬਕ 2015-16 ਵਿੱਚ, ਪ੍ਰਚਲਨ ਵਿੱਚ ਹਰ ਇੱਕ ਕਰੋੜ ਨੋਟਾਂ ਪਿੱਛੇ 70.1 ਨਕਲੀ ਨੋਟ ਫੜੇ ਗਏ ਸਨ | ਇਹ ਗਿਣਤੀ 2025-26 ਵਿੱਚ ਘਟ ਕੇ 13.4 ਰਹਿ ਗਈ | ਇਸ ਦਾ ਮਤਲਬ ਹੈ ਕਿ ਸਾਰੇ ਮੁੱਲਾਂ ਵਿੱਚ ਨਕਲੀ ਨੋਟਾਂ ਦੀ ਗਿਣਤੀ ਘਟ ਗਈ ਹੈ, ਪਰ ਨਵੇਂ 500 ਰੁਪਏ ਦੇ ਨੋਟਾਂ ਦੀ ਤਸਵੀਰ ਵੱਖਰੀ ਹੈ | ਜਦੋਂ ਇਹ ਨੋਟ 2016-17 ਵਿੱਚ ਜਾਰੀ ਕੀਤੇ ਗਏ ਸਨ, ਤਾਂ ਹਰ ਇੱਕ ਕਰੋੜ ਨੋਟਾਂ ‘ਚ 0.3 ਨਕਲੀ ਨੋਟ ਪਾਏ ਗਏ ਸਨ | ਇਹ ਅੰਕੜਾ 2025-26 ਵਿੱਚ ਵਧ ਕੇ 20.1 ਹੋ ਗਿਆ | 2,000 ਰੁਪਏ ਦੇ ਨੋਟਾਂ ਦੇ ਮਾਮਲੇ ਵਿੱਚ ਸਿੱਧੀ ਤੁਲਨਾ ਕਰਨਾ ਮੁਸ਼ਕਲ ਹੈ | ਆਰ ਬੀ ਆਈ ਨੇ 2023 ਵਿੱਚ ਇਨ੍ਹਾਂ ਨੋਟਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ | ਅੰਕੜਿਆਂ ਮੁਤਾਬਕ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਬਾਅਦ 2,000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ | ਹਾਲਾਂਕਿ ਨਕਲੀ ਨੋਟਾਂ ਦੀ ਪਛਾਣ ਵਿੱਚ ਵਾਧਾ ਦੋ ਕਾਰਕਾਂ ਕਰਕੇ ਹੋ ਸਕਦਾ ਹੈ : ਪਹਿਲਾ, ਸਰਕੂਲੇਸ਼ਨ ਵਿੱਚ ਨਕਲੀ ਨੋਟਾਂ ਦੀ ਗਿਣਤੀ ਵਧੀ ਹੋ ਸਕਦੀ ਹੈ | ਦੂਜਾ, ਖੋਜ ਪ੍ਰਣਾਲੀ ਵਿੱਚ ਸੁਧਾਰ ਹੋ ਸਕਦਾ ਹੈ | ਆਰ ਬੀ ਆਈ ਡਾਟਾ ਸਪੱਸ਼ਟ ਤੌਰ ‘ਤੇ ਇਹ ਨਹੀਂ ਦਰਸਾਉਂਦਾ ਕਿ ਇਨ੍ਹਾਂ ਵਿੱਚੋਂ ਕਿਹੜਾ ਕਾਰਕ ਇਸ ਵਾਧੇ ਲਈ ਜ਼ਿੰਮੇਵਾਰ ਹੈ | ਪ੍ਰਧਾਨ ਮੰਤਰੀ ਦੇ ਦਾਅਵਿਆਂ ਦੇ ਬਾਵਜੂਦ ਨੋਟਬੰਦੀ ਦੇਸ਼ਵਾਸੀਆਂ ਲਈ ਆਰਥਕ ਆਫਤ ਹੀ ਸਾਬਤ ਹੋਈ ਹੈ | ਲੋਕ ਕਈ-ਕਈ ਦਿਨ ਲਾਈਨਾਂ ਵਿੱਚ ਲੱਗੇ ਰਹੇ | ਕਈ ਤਾਂ ਲਾਈਨਾਂ ਵਿੱਚ ਦਮ ਤੋੜ ਗਏ | ਨੋਟਬੰਦੀ ਦੇ ਜਿਹੜੇ ਉਦੇਸ਼ ਦੱਸੇ ਗਏ ਸਨ, ਉਨ੍ਹਾਂ ਵਿੱਚੋਂ ਕੋਈ ਵੀ ਪ੍ਰਾਪਤ ਨਹੀਂ ਹੋਇਆ |