ਡਾ. ਸੁੱਖੀ ਨੇ ਡੇਰੇ ਖਾਤਰ ਚੇਅਰਮੈਨੀ ਛੱਡੀ

0
16

ਬੰਗਾ (ਅਵਤਾਰ ਕਲੇਰ)-ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਐਤਵਾਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾ ਕੈਬਨਿਟ ਰੈਂਕ ਵੀ ਛੱਡ ਦਿੱਤਾ। ਕਰੀਬ ਇੱਕ ਸਾਲ ਪਹਿਲਾਂ ‘ਆਪ’ ਸਰਕਾਰ ਨੇ ਡਾ. ਸੁੱਖੀ ਨੂੰ ਕੈਬਨਿਟ ਰੈਂਕ ਦੇ ਨਾਲ ਚੇਅਰਮੈਨੀ ਨਾਲ ਨਿਵਾਜਿਆ ਸੀ। ਡਾ. ਸੁੱਖੀ ਨੇ 2022 ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਹਲਕਾ ਬੰਗਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਡਾ. ਸੁੱਖੀ ਨੇ ਅਹੁਦੇ ਛੱਡਦਿਆਂ ਕਿਹਾ ਕਿ ਉਨ੍ਹਾ ਲਈ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਸਤਿਕਾਰ ਸਭ ਤੋਂ ਵੱਡਾ ਹੈ ਅਤੇ ਇਸ ਸਤਿਕਾਰ ਵਜੋਂ ਹੀ ਉਨ੍ਹਾ ਚੇਅਰਮੈਨੀ ਅਤੇ ਕੈਬਨਿਟ ਰੈਂਕ ਛੱਡਿਆ ਹੈ। ਉਨ੍ਹਾ ਕਿਹਾ ਕਿ ਉਹ ਬਚਪਨ ਤੋਂ ਹੀ ਰਸੋਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਸਥਾਨ ‘ਤੇ ਆਉਂਦੇ ਰਹੇ ਹਨ। ਉਹ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਜ਼ਰੂਰ ਇਹ ਦੱਸਣਗੇ ਕਿ ਇਸ ਧਾਰਮਕ ਸਥਾਨ ‘ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਕੋਈ ਮਰਿਆਦਾ ਭੰਗ ਨਹੀਂ ਹੁੰਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਕਾਨਫਰੰਸ ‘ਤੇ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਕਿਹਾ ਸੀ ਕਿ ਬੰਗਾ ਦੇ ਇਸ ਧਾਰਮਕ ਸਥਾਨ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਮਿਲੇ ਹਨ, ਜਿਨ੍ਹਾਂ ‘ਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ।