ਜੰਮੂ : ਕਿਸ਼ਤਵਾੜ ਜ਼ਿਲ੍ਹੇ ਦੇ ਉੱਪਰਲੇ ਜੰਗਲੀ ਇਲਾਕੇ ਵਿੱਚ ਐਤਵਾਰ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘੇਰਾਬੰਦੀ ਨੂੰ ਮਜ਼ਬੂਤ ਕਰਨ ਤੇ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਵਾਧੂ ਫੋਰਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਹ ਗੋਲੀਬਾਰੀ ਦੁਪਹਿਰ ਦੇ ਕਰੀਬ ਛਾਤਰੂ ਬੈਲਟ ਵਿੱਚ ਮੰਡਰਾਲ-ਸਿੰਘੂਰਾ ਨੇੜੇ ਸੋਨਾਰ ਪਿੰਡ ਵਿੱਚ ਇੱਕ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸ਼ੁਰੂ ਹੋਈ। ਅਧਿਕਾਰੀਆਂ ਅਨੁਸਾਰ ਤਲਾਸ਼ੀ ਟੀਮਾਂ ਵਿੱਚੋਂ ਇੱਕ ਦਾ ਸਾਹਮਣਾ ਦੋ ਤੋਂ ਤਿੰਨ ਵਿਦੇਸ਼ੀ ਦਹਿਸ਼ਤਗਰਦਾਂ ਦੇ ਸਮੂਹ ਨਾਲ ਹੋਇਆ, ਜਿਨ੍ਹਾਂ ਦਾ ਸੰਬੰਧ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਨਾਲ ਹੈ। ਇਨ੍ਹਾਂ ਦਹਿਸ਼ਤਗਰਦਾਂ ਨੇ ਘੇਰਾਬੰਦੀ ਤੋੜਨ ਦੀ ਕੋਸ਼ਿਸ਼ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਗ੍ਰਨੇਡ ਵੀ ਸੁੱਟੇ।





