ਨਵੀਂ ਦਿੱਲੀ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਰਕਾਰ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ। ਸਰਕਾਰ ਨੇ ਦੋ ਹਫ਼ਤਿਆਂ ਦੀ ਮੰਗ ਕੀਤੀ ਹੈ। ਅਦਾਲਤ ਨੇ ਮਜੀਠੀਆ ਦੇ ਜੇਲ੍ਹ ਵਿਚ ਜੋਖ਼ਮ ਬਾਰੇ ਵੀ ਸਵਾਲ ਉਠਾਏ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ।
ਜਵਾਨ ਨੇ ਦਮ ਤੋੜਿਆ
ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉੱਪਰਲੇ ਹਿੱਸਿਆਂ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸੁਰੱਖਿਆ ਬਲਾਂ ਵੱਲੋਂ ਵਿੱਢੀ ਤਲਾਸ਼ੀ ਮੁਹਿੰਮ ਸੋਮਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ, ਜਦ ਕਿ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਇੱਕ ਪੈਰਾਟਰੂਪਰ ਗਜੇਂਦਰ ਸਿੰਘ ਨੇ ਦਮ ਤੋੜ ਦਿੱਤਾ ਹੈ। ਇਹ ਅਪਰੇਸ਼ਨ ਐਤਵਾਰ ਨੂੰ ਚਾਤਰੂ ਬੈਲਟ ਦੇ ਮੰਡਲ-ਸਿੰਘਪੁਰਾ ਨੇੜੇ ਸੋਨਾਰ ਪਿੰਡ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦੌਰਾਨ ਹੋਏ ਮੁਕਾਬਲੇ ਵਿੱਚ ਅੱਤਵਾਦੀਆਂ ਵੱਲੋਂ ਅਚਾਨਕ ਕੀਤੇ ਗਏ ਗ੍ਰੇਨੇਡ ਹਮਲੇ ਕਾਰਨ ਅੱਠ ਸੈਨਿਕ ਜ਼ਖ਼ਮੀ ਹੋ ਗਏ ਸਨ।
‘ਭਿਖਾਰੀ ਮੁਕਤ’ ਸ਼ਹਿਰ ‘ਚੋਂ ਲੱਭਾ ਅਮੀਰ ਮੰਗਤਾ
ਇੰਦੌਰ : ਇੱਥੇ 50 ਸਾਲਾ ਵਿਅਕਤੀ ਜਿਸ ਨੂੰ ਕੋਹੜ ਹੈ ਅਤੇ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ, ਸ਼ੁਰੂਆਤੀ ਜਾਂਚ ਵਿੱਚ ਲੱਖਪਤੀ ਨਿਕਲਿਆ ਹੈ। ਉਸ ਕੋਲ ਤਿੰਨ ਪੱਕੇ ਮਕਾਨ, ਇੱਕ ਕਾਰ ਅਤੇ ਤਿੰਨ ਆਟੋ ਰਿਕਸ਼ਾ ਹਨ, ਜਿਨ੍ਹਾਂ ਨੂੰ ਉਸ ਨੇ ਕਿਰਾਏ ‘ਤੇ ਦਿੱਤਾ ਹੋਇਆ ਹੈ। ਉਹ ਕਾਰ ਵਿੱਚ ਬੈਠ ਕੇ ਭੀਖ ਮੰਗਣ ਜਾਂਦਾ ਸੀ, ਜਿਸ ਲਈ ਉਸ ਨੇ ਡਰਾਈਵਰ ਵੀ ਰੱਖਿਆ ਸੀ। ਇਹ ਵਿਅਕਤੀ ਵੀਲ੍ਹ-ਚੇਅਰ ‘ਤੇ ਬੈਠ ਕੇ ਭੀਖ ਮੰਗਦਾ ਸੀ ਅਤੇ ਸਾਲ 2021-22 ਤੋਂ ਇਸ ਪਾਸੇ ਸਰਗਰਮ ਸੀ। ਉਸ ਨੇ ਸਰਾਫ਼ਾ ਇਲਾਕੇ ਦੇ ਲੋਕਾਂ ਨੂੰ ਚਾਰ ਤੋਂ ਪੰਜ ਲੱਖ ਰੁਪਏ ਵਿਆਜੀ ਦਿੱਤੇ ਹੋਏ ਸਨ। ਉਹ ਰੋਜ਼ਾਨਾ ਵਿਆਜ ਵਸੂਲਦਾ ਸੀ ਤੇ ਉਸ ਨੂੰ ਰੋਜ਼ਾਨਾ ਲੱਗਭੱਗ 1,000 ਤੋਂ 2,000 ਰੁਪਏ ਦੀ ਕਮਾਈ ਸੀ। ਭੀਖ ਮੰਗ ਕੇ 400 ਤੋਂ 500 ਰੁਪਏ ਦੀ ਦਿਹਾੜੀ ਵੱਖਰੀ ਬਣਾਉਂਦਾ ਸੀ।
ਮੈਨੂੰ ਨਹੀਂ ਲੱਗਦਾ ਕਸ਼ਮੀਰੀ ਪੰਡਤ ਵਾਦੀ ‘ਚ ਪੱਕੇ ਤੌਰ ‘ਤੇ ਰਹਿਣਾ ਚਾਹੁੰਦੇ ਹਨ : ਫ਼ਾਰੂਕ ਅਬਦੁੱਲਾ
ਜੰਮੂ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਘਰ-ਬਾਰ ਛੱਡ ਕੇ ਗਏ ਕਸ਼ਮੀਰੀ ਪੰਡਿਤਾਂ ਦਾ ਹਮੇਸ਼ਾ ਉਨ੍ਹਾਂ ਦੇ ਘਰਾਂ ਵਿੱਚ ਵਾਪਸੀ ਲਈ ਸਵਾਗਤ ਹੈ। ਅਬਦੁੱਲਾ ਨੇ ਹਾਲਾਂਕਿ ਖ਼ਦਸ਼ਾ ਜਤਾਇਆ ਕਿ ਕੀ ਪਰਵਾਸੀ ਭਾਈਚਾਰਾ ਵਾਪਸ ਆਉਣਾ ਚਾਹੇਗਾ, ਕਿਉਂਕਿ ਉਨ੍ਹਾਂ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ, ਜਿੱਥੇ ਉਹ ਵਰਤਮਾਨ ਵਿੱਚ ਰਹਿੰਦੇ ਹਨ, ਵਿਚ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਰੁਜ਼ਗਾਰ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਕਸ਼ਮੀਰੀ ਪੰਡਿਤ 19 ਜਨਵਰੀ ਨੂੰ ‘ਹੋਲੋਕਾਸਟ ਦਿਵਸ’ ਵਜੋਂ ਮਨਾ ਰਹੇ ਹਨ ਤਾਂ ਜੋ 1990 ਵਿੱਚ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅੱਤਵਾਦੀਆਂ ਦੀਆਂ ਧਮਕੀਆਂ ਅਤੇ ਕਤਲੋਗਾਰਤ ਕਰਕੇ ਵਾਦੀ ਤੋਂ ਕੀਤੇ ਆਪਣੇ ਪਲਾਇਨ ਨੂੰ ਯਾਦ ਕੀਤਾ ਜਾ ਸਕੇ। ਪਾਰਟੀ ਦੇ ਦੋ ਰੋਜ਼ਾ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਬਹੁਤ ਸਾਰੇ ਕਸ਼ਮੀਰੀ ਪੰਡਿਤ ਪਰਵਾਰਾਂ ਨੇ ਕਦੇ ਵੀ ਵਾਦੀ ਨਹੀਂ ਛੱਡੀ ਅਤੇ ਆਪਣੇ ਪਿੰਡਾਂ ਤੇ ਇਲਾਕਿਆਂ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ।
ਚਿੱਟੇ ਦੀ ਭੇਟ ਚੜ੍ਹੇ 6 ਜਵਾਨ ਪੁੱਤ
ਲੁਧਿਆਣਾ/ਜਗਰਾਉਂ : ਨਸ਼ਿਆਂ ਦਾ ਕੋਹੜ ਇੱਕ ਹਰੇ-ਭਰੇ ਪਰਵਾਰ ਦੀ ਜੜ੍ਹ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਛੇ ਪੁੱਤਾਂ ਨੂੰ ਜਵਾਨੀ ਵਿੱਚ ਹੀ ਲੈ ਗਿਆ। ਖੇਤਰ ਵਿੱਚ ਚੱਲ ਰਹੀ ਨਸ਼ਿਆਂ ਦੀ ਮਹਾਂਮਾਰੀ ਕਾਰਨ ਆਪਣੇ ਸਾਰੇ ਛੇ ਪੁੱਤਰਾਂ ਨੂੰ ਗੁਆਉਣ ਤੋਂ ਬਾਅਦ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਛਿੰਦਰ ਕੌਰ ਦੇ ਪਰਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ (20) ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ, ਜਿਸ ਦੀ ਮੌਤ ਨਸ਼ੇ ਦੀ ਵੱਧ ਮਾਤਰਾ (ਓਵਰਡੋਜ਼) ਲੈਣ ਕਾਰਨ ਹੋਈ ਦੱਸੀ ਜਾਂਦੀ ਹੈ। ਪਿੰਡ ਸ਼ੇਰੇਵਾਲ ਦੀ ਛਿੰਦਰ ਕੌਰ ਨੇ ਇੱਕ ਦਹਾਕੇ ਤੋਂ ਉਸ ਅੰਦਰ ਪਲ ਰਹੇ ਦਰਦ ਬਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਨੇ ਕਥਿਤ ਤੌਰ ‘ਤੇ 2012 ਵਿੱਚ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਛਿੰਦਰ ਕੌਰ ਆਖਦੀ ਹੈ ਕਿ ਇਸ ਮਗਰੋਂ ਉਸ ਨੇ ਆਪਣੇ ਹੱਥੀਂ ਸਾਰੇ ਛੇ ਪੁੱਤਰਾਂ ਦਾ ਸਸਕਾਰ ਕੀਤਾ ਹੈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਕੁਲਵੰਤ ਸਿੰਘ (34) ਦੀ ਕਥਿਤ ਤੌਰ ‘ਤੇ 2013 ਵਿੱਚ ਨਸ਼ਿਆਂ ਕਾਰਨ ਮੌਤ ਹੋ ਗਈ ਸੀ, ਮਾਰਚ 2021 ਵਿੱਚ ਗੁਰਦੀਪ ਸਿੰਘ, ਜੁਲਾਈ 2021 ਵਿੱਚ ਜਸਵੰਤ ਸਿੰਘ, ਜਨਵਰੀ 2022 ਵਿੱਚ ਰਾਜੂ ਸਿੰਘ, ਮਾਰਚ 2023 ਵਿੱਚ ਬਲਜੀਤ ਸਿੰਘ ਤੇ ਹੁਣ ਚੰਦਰਾ ਨਸ਼ਾ ਘਰ ਦੇ ਆਖਰੀ ਜਵਾਨ ਪੁੱਤ ਜਸਵੀਰ ਸਿੰਘ ਨੂੰ ਵੀ ਲੈ ਬੈਠਿਆ। ਛਿੰਦਰ ਕੌਰ ਨੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਆਲੋਚਨਾ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਸ ਨੇ ਭਰੇ ਮਨ ਨਾਲ ਕਿਹਾ, “ਚਿੱਟਾ ਬੰਦ ਨਹੀਂ ਹੋਇਆ। ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ ਪਰ ਬਾਅਦ ਵਿੱਚ ਰਿਹਾਅ ਹੋ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ ਤਾਂ ਜੋ ਹੋਰ ਪਰਵਾਰ ਇਸ ਨਾ ਮਿਟਣ ਵਾਲੇ ਦਰਦ ਤੋਂ ਬਚ ਸਕਣ। ਛਿੰਦਰ ਕੌਰ ਦੇ ਪਰਵਾਰ ਵਿੱਚ ਹੁਣ ਉਸ ਦੀ ਇੱਕ ਨੂੰਹ ਅਤੇ ਇੱਕ ਪੋਤਾ ਰਹਿ ਗਏ ਹਨ।



