‘ਆਪ’ ਵੱਲੋਂ ਕਾਂਗਰਸ ’ਤੇ ਨਜਾਇਜ਼ ਮਾਇਨਿੰਗ ’ਚ ਸ਼ਾਮਲ ਆਗੂਆਂ ਨੂੰ ਬਚਾਉਣ ਦਾ ਦੋਸ਼

0
378

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ’ਤੇ ਆਪਣੇ ‘ਲੁਟੇਰੇ ਆਗੂਆਂ’ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸੀਆਂ ਨੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਿਆ ਹੈ। ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਆਗੂ ਸਾਫ਼-ਸੁਥਰੇ ਹਨ ਅਤੇ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਤਾਂ ਉਹ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ ਸਿਆਸਤ ਦੀ ਖਾਤਰ ਆਪਣੇ ਆਗੂਆਂ ਦੇ ਗੁਨਾਹਾਂ ’ਤੇ ਪਰਦਾ ਨਾ ਪਾਉਣ ਅਤੇ ਸੱਚ ਨੂੰ ਸਾਹਮਣੇ ਲਿਆਉਣ ’ਚ ਸਹਿਯੋਗ ਦੇਣ। 9 ਜੁਲਾਈ, 2021 ਦੇ ਸੀ ਬੀ ਆਈ ਦੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ ਕੰਗ ਨੇ ਕਿਹਾ ਕਿ ਸੀ ਬੀ ਆਈ ਨੇ ਪੰਜਾਬ ਰਾਜ ਦੇ ਮੁੱਖ ਸਕੱਤਰ ਨੂੰ ਆਪਣੇ ਪੱਤਰ ’ਚ ਉਸ ਸਮੇਂ ਦੇ ਵਿਧਾਨ ਸਭਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇ ਪੀ ਸਿੰਘ ਦੁਆਰਾ ਕਥਿਤ ਤੌਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਨਜਾਇਜ਼ ਮਾਇਨਿੰਗ ਕਰਨ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਾਮਲਾ ਦਬਾਅ ਦਿੱਤਾ। ਸੀ ਬੀ ਆਈ ਨੇ ਅਸਲ ਦਸਤਾਵੇਜ਼ਾਂ ਦੇ ਨਾਲ ਇੱਕ ਸ਼ਿਕਾਇਤ ਭੇਜੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਣਾ ਕੇ ਪੀ ਗੈਰ-ਕਾਨੂੰਨੀ ਮਾਇਨਿੰਗ ਵਿੱਚ ਸ਼ਾਮਲ ਸੀ ਅਤੇ ਉਹ ਰੋਪੜ ਅਤੇ ਆਨੰਦਪੁਰ ਸਾਹਿਬ ਵਿੱਚ ਆਪਣੇ ਸਹਿਯੋਗੀਆਂ ਰਾਹੀਂ ਕਰੈਸ਼ਰ ਮਾਲਕਾਂ ਤੋਂ ‘ਪ੍ਰੋਟੈਕਸ਼ਨ ਮਨੀ’ ਵਜੋਂ ਲੱਖਾਂ ਰੁਪਏ ਦੀ ਮਹੀਨਾਵਾਰ ਅਦਾਇਗੀ ਲੈ ਰਿਹਾ ਸੀ, ਪਰ ਤਤਕਾਲੀ ਸਰਕਾਰ ਨੇ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ। ਉਨ੍ਹਾ ਕਿਹਾ ਕਿ ਵਿਜੀਲੈਂਸ ਵੱਲੋਂ ਕੇ ਪੀ ਸਿੰਘ ਖਿਲਾਫ ਦੋਸ਼ ਹਨ ਅਤੇ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ, ਪਰ ਉਹ ਆਪਣੇ ਜੁਰਮਾਂ ’ਤੇ ਪਰਦਾ ਪਾਉਣ ਲਈ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਬੇਬੁਨਿਆਦ ਦੋਸ਼ ਲਾ ਰਿਹਾ ਹੈ।

LEAVE A REPLY

Please enter your comment!
Please enter your name here