32.8 C
Jalandhar
Thursday, April 18, 2024
spot_img

ਗਰਾਈਂਡਰ ਫਟਣ ਨਾਲ ਮਜ਼ਦੂਰ ਦੀ ਮੌਤ, ਫੈਕਟਰੀ ਮਾਲਕ ’ਤੇ ਕੇਸ ਦਰਜ

ਬਠਿੰਡਾ (ਬਖਤੌਰ ਢਿੱਲੋਂ)-ਡੱਬਵਾਲੀ-ਬਠਿੰਡਾ ਸੜਕ ’ਤੇ ਪਿੰਡ ਗੁਰੂਸਰ ਸੈਣੇਵਾਲਾ ਦੇ ਨਜ਼ਦੀਕ ਇੱਕ ਸਕਰੈਪ ਫੈਕਟਰੀ ਦਾ ਗਰਾਈਂਡਰ ਫਟਣ ਕਾਰਨ ਇੱਕ ਬਿਹਾਰੀ ਮਜ਼ਦੂਰ ਦੀ ਮੌਤ ਹੋ ਗਈ। ਮਜ਼ਦੂਰਾਂ ਨੂੰ ਕੰਮ ਸਮੇਂ ਸੁਰੱਖਿਆ ਸਮਾਨ ਨਾ ਦੇਣ ਸਦਕਾ ਸੀਟੂ ਵੱਲੋਂ ਫੈਕਟਰੀ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਥਾਣਾ ਸੰਗਤ ਦੀ ਪੁਲਸ ਨੇ ਫੈਕਟਰੀ ਦੇ ਮਾਲਕ ਰਾਜਿੰਦਰਪਾਲ ਵਿਰੁੱਧ ਧਾਰਾ 304 ਏ, ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਸਕਰੈਪ ਫੈਕਟਰੀ ਜਿੰਦਲ ਏਜੰਸੀ ਵਿੱਚ ਕਰੀਬ 50 ਮਜ਼ਦੂਰ ਕੰਮ ਕਰਦੇ ਹਨ। ਇੱਥੇ ਲੋਹੇ ਨੂੰ ਪਿਘਲਾ ਕੇ ਬਿਜਲੀ ਦੇ ਟਰਾਂਸਫਾਰਮਰਾਂ ਵਿੱਚ ਵਰਤੇ ਜਾਣ ਵਾਲੇ ਪੁਰਜ਼ੇ ਬਣਾਏ ਜਾਂਦੇ ਹਨ। ਕੰਮ ਦੌਰਾਨ ਇਹਨਾਂ ਮਜ਼ਦੂਰਾਂ ਨੂੰ ਕਿਸੇ ਦੁਰਘਟਨਾ ਸਮੇਂ ਦੇ ਬਚਾਅ ਲਈ ਲੋੜੀਂਦਾ ਸਮਾਨ ਨਹੀਂ ਦਿੱਤਾ ਜਾ ਰਿਹਾ। ਇਹ ਮਜ਼ਦੂਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰ ਰਹੇ ਹਨ। ਬਿਹਾਰ ਦੇ ਜ਼ਿਲ੍ਹਾ ਸਹਿਰਸਾ ਦੇ ਪਿੰਡ ਕੋਇਲਾ ਸਤੌਰ ਤੋਂ ਰੁਜ਼ਗਾਰ ਦੀ ਤਲਾਸ਼ ਵਿੱਚ ਆਇਆ ਮਜ਼ਦੂਰ ਮੁਰਲੀਧਰ ਛੁੱਟੀ ’ਤੇ ਸੀ, ਪਰ ਮਾਲਕਾਂ ਨੇ ਉਸ ਨੂੰ ਫੈਕਟਰੀ ਵਿੱਚ ਬੁਲਾ ਕੇ ਕੰਮ ਕਰਨ ਲਈ ਦਬਾਅ ਪਾਇਆ। ਉਹ ਬਗੈਰ ਸੁਰੱਖਿਆ ਕਵਚ ਤੋਂ ਕੰਮ ਕਰ ਰਿਹਾ ਸੀ, ਜਦੋਂ ਫੈਕਟਰੀ ਦਾ ਗਰਾਈਂਡਰ ਫਟ ਗਿਆ। ਮਜ਼ਦੂਰ ਮੁਰਲੀਧਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਫੈਕਟਰੀ ਮਾਲਕਾਂ ਨੇ ਹੀ ਸਥਾਨਕ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪਹੁੰਚੇ ਸੀਟੂ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਐੱਮ ਐੱਮ ਬਹਿਲ ਅਤੇ ਜਨਰਲ ਸਕੱਤਰ ਬਲਕਾਰ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਕੰਮ ਕਰਨ ਸਮੇਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਲਈ ਸਮਾਨ ਨਹੀਂ ਦਿੱਤਾ ਜਾਂਦਾ, ਇਸ ਲਈ ਮਜ਼ਦੂਰ ਮੁਰਲੀਧਰ ਦੀ ਮੌਤ ਲਈ ਫੈਕਟਰੀ ਮਾਲਕ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਉਹਨਾਂ ਮੰਗ ਕੀਤੀ ਕਿ ਮਾਲਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਮਿ੍ਰਤਕ ਮਜ਼ਦੂਰ ਦੇ ਵਾਰਸਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਥਾਣਾ ਸੰਗਤ ਦੀ ਪੁਲਸ ਨੇ ਮੁਰਲੀਧਰ ਦੇ ਭਰਾ ਜਯਧਰ ਕੁਮਾਰ ਰਾਏ ਦੇ ਬਿਆਨ ’ਤੇ ਫੈਕਟਰੀ ਦੇ ਮਾਲਕ ਰਾਜਿੰਦਰਪਾਲ ’ਤੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸੁਰੂ ਕਰ ਦਿੱਤੀ ਹੈ। ਸੀਟੂ ਦੀ ਅਗਵਾਈ ਵਿੱਚ ਮੁਰਲੀਧਰ ਦੇ ਵਾਰਸਾਂ ਨੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰਕੇ ਮਜ਼ਦੂਰ ਦੀ ਮੌਤ ਸੰਬੰਧੀ ਮੁਆਵਜ਼ਾ ਦੇਣ ਲਈ ਦਰਖਾਸਤ ਪੇਸ਼ ਕੀਤੀ ਹੈ।

Related Articles

LEAVE A REPLY

Please enter your comment!
Please enter your name here

Latest Articles