ਪਟਿਆਲਾ : ਪੰਜਾਬ ਏਟਕ ਵੱਲੋਂ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ, ਫੈਡਰੇਸ਼ਨਾਂ ਅਤੇ ਆਜ਼ਾਦ ਜਥੇਬੰਦੀਆਂ ਵਲੋਂ 12 ਫਰਵਰੀ ਨੂੰ ਇੱਕ ਰੋਜ਼ਾ ਦੇਸ਼-ਵਿਆਪੀ ਹੜਤਾਲ ਦੇ ਦਿੱਤੇ ਗਏ ਸੱਦੇ ਦੇ ਸੰਬੰਧ ਵਿੱਚ ਪੰਜਾਬ ਏਟਕ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਬੰਤ ਸਿੰਘ ਬਰਾੜ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਪਬਲਿਕ ਸੈਕਟਰ ਦੀਆਂ ਜਥੇਬੰਦੀਆਂ, ਜਿਵੇਂ ਕਿ ਟਰਾਂਸਪੋਰਟ, ਬੈਂਕ, ਬਿਜਲੀ, ਬੀ ਬੀ ਐੱਮ ਬੀ, ਐੱਫ ਸੀ ਆਈ, ਟੈਲੀਕਾਮ ਤੋਂ ਇਲਾਵਾ ਸਨਅਤੀ ਖੇਤਰ, ਖੇਤ ਮਜ਼ਦੂਰ, ਆਂਗਣਵਾੜੀ, ਆਸ਼ਾ ਵਰਕਰਜ਼, ਉਸਾਰੀ ਕਿਰਤੀ, ਮਨਰੇਗਾ, ਭੱਠਾ ਮਜਦੂਰ ਆਦਿ ਖੇਤਰਾਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਕਾਰੀ ਮੁਲਾਜ਼ਮਾਂ ਦੀ ਫੈਡਰੇਸ਼ਨ ਦੇ ਨੁਮਾਇੰਦੇ ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ।ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਵਰਕਿੰਗ ਕਮੇਟੀ ਮੀਟਿੰਗ ਵਿੱਚ 12 ਫਰਵਰੀ ਦੀ ਹੜਤਾਲ ਦੀ ਤਿਆਰੀ ਅਤੇ ਕਾਮਯਾਬੀ ਦੀਆਂ ਸੰਭਾਵਨਾਵਾਂ ‘ਤੇ ਖੁੱਲ੍ਹ ਕੇ ਹੋਈ ਵਿਚਾਰ-ਚਰਚਾ ਅਤੇ ਫੈਸਲਿਆਂ ਬਾਰੇ ਦੱਸਿਆ ਕਿ ਮੀਟਿੰਗ ਵਿੱਚ ਹੜਤਾਲ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਟਰਾਂਸਪੋਰਟ, ਬਿਜਲੀ, ਬੈਂਕ, ਟੈਲੀਫੋਨ, ਐੱਫ ਸੀ ਆਈ, ਖੇਤ ਮਜ਼ਦੂਰ, ਆਂਗਣਵਾੜੀ, ਆਸ਼ਾ ਵਰਕਰਜ਼ ਅਤੇ ਦਰਜਨਾਂ ਸਨਅਤੀ ਮਜ਼ਦੂਰ ਜਥੇਬੰਦੀਆਂ ਵੱਲੋਂ ਮੁਕੰਮਲ ਹੜਤਾਲ ਕੀਤੀ ਜਾਵੇਗੀ। ਇਸ ਹੜਤਾਲ ਦਾ ਪੂਰਨ ਤੌਰ ‘ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਵੀ ਖੁੱਲ੍ਹ ਕੇ ਸਮਰਥਨ ਕੀਤਾ ਜਾਵੇਗਾ।ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ 29 ਕੇਂਦਰੀ ਕਿਰਤ ਕਾਨੂੰਨ ਖਤਮ ਕਰਕੇ ਬਣਾਏ ਗਏ ਚਾਰ ਲੇਬਰ ਕੋਡਜ਼ ਰੱਦ ਕਰਵਾਉਣੇ, ਮਨਰੇਗਾ ਕਾਨੂੰਨ ਬਹਾਲ ਕਰਾਉਣਾ, ਪਬਲਿਕ ਸੈਕਟਰ ਦਾ ਨਿਜੀਕਰਨ ਰੋਕਣਾ, ਕੰਟਰੈਕਟ/ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨਾ, ਸਕੀਮ ਵਰਕਰਾਂ ਨੂੰ ਰੈਗੂਲਰ ਕਰਨਾ, ਘੱਟੋ-ਘੱਟ ਉਜਰਤ 26000 ਰੁਪਏ ਕਰਨਾ, ਬਿਜਲੀ ਬਿਲ 2025 ਵਾਪਸ ਕਰਾਉਣਾ ਬੀਮਾ ਬਿੱਲ ਵਾਪਸ ਕਰਾਉਣਾ, ਪੁਰਾਣੀ ਪੈਨਸ਼ਨ ਬਹਾਲ ਕਰਾਉਣਾ, ਮਹਿੰਗਾਈ ਅਤੇ ਬੇਰੁਜਗਾਰੀ ਦੂਰ ਕਰਨਾ, ਸੀਡ ਸੋਧ ਬਿੱਲ ਵਾਪਸ ਕਰਾਉਣਾ ਆਦਿ ਸ਼ਾਮਲ ਹਨ। ਹੜਤਾਲ ਦੀ ਤਿਆਰੀ ਲਈ ਦੂਸਰੇ ਸੰਗਠਨਾਂ ਨਾਲ ਤਾਲਮੇਲ ਕਰਕੇ ਇੱਕ ਨੁਮਾਇੰਦਾ ਕਨਵੈਨਸ਼ਨ ਜਲਦੀ ਹੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਇੱਕ ਅਦਾਰੇ ਦੀਆਂ ਜਥੇਬੰਦੀਆਂ ਅਤੇ ਜ਼ਿਲ੍ਹਿਆਂ ਵੱਲੋਂ ਤਿਆਰੀ ਕਨਵੈਨਸ਼ਨਾਂ ਅਤੇ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਸੁਖਦੇਵ ਸ਼ਰਮਾ, ਅਮਰਜੀਤ ਆਸਲ, ਜਗਦੀਸ਼ ਸਿੰਘ ਚਾਹਲ, ਉਤਮ ਸਿੰਘ ਬਾਗੜੀ, ਰਾਜ ਕੁਮਾਰ ਤਿਵਾੜੀ, ਮਨਿੰਦਰ ਸਿੰਘ ਭਾਟੀਆ, ਰਣਜੀਤ ਸਿੰਘ ਰਾਣਵਾਂ, ਚਰਨ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਨੇਤਾਵਾਂ ਨੇ ਵੀ ਸੰਬੋਧਨ ਕੀਤਾ।




