ਅਮਰੀਕੀ ਵਫਦ ਵੱਲੋਂ ਦੇਸ਼ ਭਗਤ ਕਮੇਟੀ ਨਾਲ ਮਿਲ ਕੇ ਚੱਲਣ ਦਾ ਭਰੋਸਾ

0
18

ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੋਮਵਾਰ ਅਮਰੀਕਾ ਤੋਂ ਆਏ ਜਸਵਿੰਦਰ ਪਾਲ ਸਿੰਘ ਪੱਖੋਕੇ, ਉਹਨਾ ਦੀ ਜੀਵਨ ਸਾਥਣ ਸੁਰਿੰਦਰ ਕੌਰ, ਉਨ੍ਹਾਂ ਦੇ ਸਪੁੱਤਰ ਸੰਗਰਾਮ ਸਿੰਘ ਅਤੇ ਉਹਨਾਂ ਦੇ ਨਾਲ ਆਏ ਗੁਰਸਿਮਰਨ ਪ੍ਰੀਤ ਸਿੰਘ ਬੁੱਟਰ ਨਾਲ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਉਹਨਾਂ ਅਮਰੀਕਾ ਦੇ ਸ਼ਹਿਰ ਯੂਬਾਸਿਟੀ, ਸੈਕਰਾਮੈਂਟੋ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਸੰਬੰਧੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਉਨ੍ਹਾਂ ਅਮਰੀਕਾ ‘ਚ ਲੱਗਦੇ ਗਦਰੀ ਬਾਬਿਆਂ ਦੇ ਮੇਲੇ, ਉਸ ਵਿੱਚ ਸਰਗਰਮ ਟੀਮ ਦੇ ਯੋਗਦਾਨ ਤੋਂ ਇਲਾਵਾ ਗਦਰ ਪਾਰਟੀ ਦੇ ਸਾਨ ਫਰਾਂਸਿਸਕੋ ਸਥਿਤ ਮੁੱਖ ਕੇਂਦਰ ਯੁਗਾਂਤਰ ਆਸ਼ਰਮ ਬਾਰੇ ਵੀ ਆਪਣੇ ਸਰੋਕਾਰ ਸਾਂਝੇ ਕੀਤੇ ।ਉਹਨਾਂ ਕਿਹਾ ਕਿ ਗ਼ਦਰ ਪਾਰਟੀ ਦੇ ਹੈੱਡਕੁਆਰਟਰ, ਜਿੱਥੇ ‘ਗਦਰ’ ਅਖਬਾਰ ਛਪਦਾ ਸੀ ਅਤੇ ਜੋ ਗਦਰ ਲਹਿਰ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਸੀ, ਨੂੰ ਗਦਰ ਲਹਿਰ ਦੀ ਰੂਹ-ਏ-ਰਵਾਂ ਵਜੋਂ ਸੰਭਾਲਣ ਲਈ ਭਾਰਤੀ ਦੂਤਾਵਾਸ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਆਏ ਵਫ਼ਦ ਨੇ ਇਹ ਵਿਚਾਰ ਵੀ ਰੱਖਿਆ ਕਿ ਸਾਨੂੰ ਸਭਨਾਂ ਨੂੰ ਸਭਨਾਂ ਪਲੇਟਫਾਰਮਾਂ ਤੋਂ ਇਹ ਜ਼ੋਰਦਾਰ ਮੰਗ ਉਭਾਰਦੀ ਚਾਹੀਦੀ ਹੈ ਕਿ ਗ਼ਦਰ ਪਾਰਟੀ ਦਾ ਅਤੇ ਅਣਗੌਲਿਆ ਆਜ਼ਾਦੀ ਸੰਗਰਾਮ ਦਾ ਇਤਿਹਾਸ ਵਿਦਿਅਕ ਸੰਸਥਾਵਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਗੁਰ ਸਿਮਰਨ ਪ੍ਰੀਤ ਨੇ ਦੇਸ਼ ਭਗਤ ਯਾਦਗਾਰ ਹਾਲ ‘ਚ ਲੱਗਦੇ ਮੇਲੇ ਵਰਗੀਆਂ ਵਿਸ਼ਾਲ ਇਕੱਤਰਤਾਵਾਂ ਮੌਕੇ ਮੈਡੀਕਲ ਕੈਂਪ ਲਗਾ ਕੇ ਆਪਣੀਆਂ ਸੇਵਾਵਾਂ ਦੇਣ ਦੀ ਇੱਛਾ ਜ਼ਾਹਰ ਕੀਤੀ। ਜਸਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਨਜ਼ਦੀਕੀ ਦਰਸ਼ਨ ਮੱਟੂ, ਅਰਜਨ ਐਵਾਰਡੀ ਫੁਟਬਾਲਰ ਗੁਰਦੇਵ ਸਿੰਘ ਅਤੇ ਕਿਸਾਨ ਆਗੂ ਤਲਵਿੰਦਰ ਹੀਰ ਵੀ ਉਨ੍ਹਾਂ ਦੇ ਨਾਲ ਆਏ ਹੋਏ ਸਨ। ਉਹਨਾਂ ਵੀ ਭਰੋਸਾ ਦਿੱਤਾ ਕਿ ਉਹ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਵਿੱਚ ਦੁਆਬੇ ਦੀ ਧਰਤੀ ਦੇ ਬੱਬਰਾਂ ਦੇ ਪਿੰਡ ‘ਚ ਵਿਸ਼ੇਸ਼ ਕਰਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਮੋਢੇ ਨਾਲ ਮੋਢਾ ਜੋੜਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਸੁਰਿੰਦਰ ਕੁਮਾਰੀ ਕੋਛੜ ਅਤੇ ਪ੍ਰੋਫੈਸਰ ਤਜਿੰਦਰ ਵਿਰਲੀ ਵੀ ਇਸ ਮੌਕੇ ਹਾਜ਼ਰ ਸਨ। ਕਮੇਟੀ ਆਗੂਆਂ ਨੇ ਵਫ਼ਦ ਨਾਲ ਦੇਸ਼ ਭਗਤ ਯਾਦਗਾਰ ਹਾਲ ਦੇ ਭਵਿੱਖੀ ਕਾਰਜਾਂ ਅਤੇ ਆਪਸੀ ਸਹਿਯੋਗ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਦੇਸ਼ ਭਗਤ ਕਮੇਟੀ ਵੱਲੋਂ ਕਿਤਾਬਾਂ ਦਾ ਸੈੱਟ ਦੇ ਕੇ ਇਹਨਾਂ ਆਏ ਸਭਨਾਂ ਮਹਿਮਾਨਾਂ ਦਾ ਹਾਰਦਿਕ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਜਸਵਿੰਦਰ ਪਾਲ ਸਿੰਘ ਪੱਖੋਕੇ, ਉਹਨਾ ਦੀ ਜੀਵਨ ਸਾਥਣ ਸੁਰਿੰਦਰ ਕੌਰ, ਉਨ੍ਹਾ ਦੇ ਸਪੁੱਤਰ ਸੰਗਰਾਮ ਸਿੰਘ ਅਤੇ ਡਾ. ਸਵੈਮਾਨ ਵੱਲੋਂ ਪਰਵਾਰ ਦੀ ਤਰਫੋਂ ਦੇਸ਼ ਭਗਤ ਕਮੇਟੀ ਦੀਆਂ ਸਰਗਰਮੀਆਂ ਲਈ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਕਮੇਟੀ ਦੇ ਆਗੂਆਂ ਨੇ ਇਸ ਆਰਥਿਕ ਮਦਦ ਲਈ ਪਰਵਾਰ ਦਾ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਜੋਕੇ ਸਮੇਂ ਦੀਆਂ ਤਿੱਖੀਆਂ ਚੁਣੌਤੀਆਂ ਅੰਦਰ ਮਹਾਨ ਗ਼ਦਰ ਲਹਿਰ ਦੀ ਵਿਰਾਸਤ ਨੂੰ ਹੋਰ ਵੀ ਬੁਲੰਦ ਰੱਖਣ ਦੇ ਕਾਰਜਾਂ, ਖ਼ਾਸ ਕਰਕੇ ਸਿਰਾਂ ‘ਤੇ ਮੰਡਰਾ ਰਹੇ ਫਿਰਕੂ ਫਾਸ਼ੀ ਅਤੇ ਨਿੱਜੀਕਰਨ ਦੇ ਹੱਲੇ ਖ਼ਿਲਾਫ਼ ਸਾਂਝ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ।