ਦੇਸ਼ ਨੂੰ ਖਾਨਾਜੰਗੀ ਵੱਲ ਧੱਕਿਆ ਜਾ ਰਿਹੈ : ਬਰਾੜ

0
15

ਜਲੰਧਰ (ਗਿਆਨ ਸੈਦਪੁਰੀ)
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਅੰਦਰ ਆਪਸੀ ਨਫਰਤ ਦੀ ਜ਼ਹਿਰ ਫੈਲਾ ਕੇ ਦੇਸ਼ ਨੂੰ ਖਾਨਾਜੰਗੀ ਵੱਲ ਵਧਾਇਆ ਜਾ ਰਿਹਾ ਹੈ’। ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਇੱਥੇ ਪਾਰਟੀ ਦਫਤਰ ਦੇ ਵਿਹੜੇ ਵਿੱਚ ਸੀ ਪੀ ਆਈ ਦੀ ਜ਼ਿਲ੍ਹਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾ ਕਿਹਾ ਕਿ ਦੇਸ਼ ਅੰਦਰ ਅਨਿਆਂ ਦੀਆਂ ਸੈਂਕੜੇ ਅਜਿਹੀਆਂ ਮਿਸਾਲਾਂ ਹਨ, ਜੋ ਭਾਈਚਾਰਕ ਪਾਟਕ ਨੂੰ ਵਧਾ ਰਹੀਆਂ ਹਨ। ਉਹਨਾ ਉਦਾਹਰਨ ਦਿੱਤੀ ਕਿ ਭਾਜਪਾ ਆਗੂ ਕੁਲਦੀਪ ਸੇਂਗਰ, ਜੋ ਬਲਾਤਕਾਰ ਤੇ ਕਤਲਾਂ ਦਾ ਦੋਸ਼ੀ ਹੈ, ਨੂੰ ਤਾਂ ਜ਼ਮਾਨਤ ਮਿਲ ਗਈ ਹੈ, ਪਰ ਵਿਦਿਆਰਥੀ ਆਗੂ ਉਮਰ ਖਾਲਿਦ ਅਤੇ ਹੋਰਨਾਂ ਨੂੰ ਬਿਨਾਂ ਕਸੂਰੋਂ ਪੰਜ ਸਾਲ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਐ ਅਤੇ ਜ਼ਮਾਨਤ ਨਹੀਂ ਹੋਣ ਦਿੱਤੀ ਜਾ ਰਹੀ। ਦੇਸ਼ ਅੰਦਰ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਨੂੰ ਭਾਜਪਾ ਸਰਕਾਰ ਨੇ ਆਪਣੀ ਜੇਬ ਵਿੱਚ ਪਾ ਲਿਆ ਹੈ। ਜੱਜਾਂ ਨੂੰ ਆਪਣੀ ਮਰਜ਼ੀ ਦੇ ਫੈਸਲੇ ਕਰਵਾਉਣ ਲਈ ਹੋਰ ਵੱਡੇ ਅਹੁਦਿਆਂ ਦੇ ਲਾਲਚ ਦਿੱਤੇ ਜਾ ਰਹੇ ਹਨ। ਇਹੀ ਕੁਝ ਤਾਨਾਸ਼ਾਹ ਹਿਟਲਰ ਨੇ ਕੀਤਾ ਸੀ। ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ।
ਭਾਜਪਾ ਅਤੇ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਵਿਸ਼ਵ ਗੁਰੂ ਬਣ ਜਾਣ ਦੀਆਂ ਡੀਂਗਾਂ ਮਾਰੀਆਂ ਜਾ ਰਹੀਆਂ ਹਨ, ਪਰ ਦੁਨੀਆ ਭਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਹੜਦੁੰਗ ਮਚਾਇਆ ਜਾ ਰਿਹਾ ਹੈ। ਟਰੰਪ ਵੱਲੋਂ ਭਾਰਤ ਨੂੰ ਨੀਵਾਂ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਭਾਰਤ ਦੇ ਹਾਕਮ ਟਰੰਪ ਦੀਆਂ ਮਨਮਾਨੀਆਂ ਬਾਰੇ ਕਦੇ ਮੂੰਹ ਨਹੀਂ ਖੋਲ੍ਹਦੇ।ਸੂਬਾ ਸਕੱਤਰ ਨੇ ਸਤੰਬਰ 2025 ਵਿੱਚ ਚੰਡੀਗੜ੍ਹ ਹੋਈ ਪਾਰਟੀ ਕਾਨਫਰੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਸ਼ਾਨਦਾਰ ਸਫਲਤਾ ਪਾਰਟੀ ਦੀ ਵੱਡੀ ਪ੍ਰਾਪਤੀ ਹੈ। ਇਸ ਨਾਲ ਕਮਿਊਨਿਸਟ ਸਫਾਂ ਅੰਦਰ ਉਭਾਰ ਆਇਆ ਹੈ। ਕਾਮਰੇਡ ਬਰਾੜ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਆਪਸੀ ਕਰੰਗੜੀਆਂ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਹਨਾ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਕਦੇ ਬੜੀ ਮਜ਼ਬੂਤ ਹੁੰਦੀ ਸੀ। ਇਸ ਸੰਦਰਭ ਵਿੱਚ ਉਹਨਾ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਕਾਮਰੇਡ ਜਗਜੀਤ ਸਿੰਘ ਆਨੰਦ ਤੇ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੀ ਕਰਮ ਭੂਮੀ ਜ਼ਿਲ੍ਹਾ ਜਲੰਧਰ ਰਹੀ ਹੈ। ਉਨ੍ਹਾ ਕਿਹਾ ਕਿ ਕੁਝ ਸਮੇਂ ਲਈ ਪਾਰਟੀ ਅੰਦਰ ਆਈ ਖੜੋਤ ਹੁਣ ਟੁੱਟੀ ਹੈ।
ਜ਼ਿਲ੍ਹਾ ਕਾਨਫਰੰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਬਕਾ ਜ਼ਿਲ੍ਹਾ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਪਾਰਟੀ ਦਾ ਝੰਡਾ ਲਹਿਰਾਇਆ।ਇਸ ਮੌਕੇ ਮੰਡ ਨੇ ਕਿਹਾ ਕਿ ਮੁਲਕ ਦੇ ਲੋਕ ਲਾਲ ਝੰਡੇ ਵਾਲਿਆਂ ਕੋਲੋਂ ਹੀ ਬਿਹਤਰ ਭਵਿੱਖ ਦੀ ਆਸ ਰੱਖਦੇ ਹਨ।ਉਨ੍ਹਾ 25ਵੀਂ ਜ਼ਿਲ੍ਹਾ ਕਾਨਫਰੰਸ ਦੀਆਂ ਵਧਾਈਆਂ ਦਿੰਦਿਆਂ ਪਾਰਟੀ ਲਈ ਚੰਗਾ ਕੰਮ ਕਰਨ ਵਾਲੇ ਆਗੂਆਂ ਦੀ ਪ੍ਰਸੰਸਾ ਕੀਤੀ। ਕਾਨਫਰੰਸ ਦੇ ਸ਼ੁਰੂ ਵਿੱਚ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਆਗੂਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਹਨਾਂ ਆਗੂਆਂ ਵਿੱਚ ਅਤੁਲ ਕੁਮਾਰ ਅਨਜਾਨ ਤੇ ਸਵਰਨ ਸਿੰਘ ਨਾਗੋਕੇ ਸ਼ਾਮਲ ਹਨ। ਸੀਨੀਅਰ ਕਮਿਊਨਿਸਟ ਆਗੂ ਗਿਆਨ ਸਿੰਘ ਦੁਸਾਂਝ ਦਾ ਵਧਾਈ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਆਪਣੀ ਉਦਘਾਟਨੀ ਤਕਰੀਰ ਵਿੱਚ ਮੋਦੀ ਸਰਕਾਰ ਵੱਲੋਂ ਮਨਰੇਗਾ ‘ਤੇ ਚਲਾਏ ਕੁਹਾੜੇ ਤੋਂ ਲੈ ਕੇ ਪੰਜਾਬ ਸਰਕਾਰ ਦੀਆਂ ਵਾਅਦਾਖਿਲਾਫੀਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾ ਕਿਹਾ ਕਿ ਲਾਲ ਝੰਡੇ ਵਾਲਿਆਂ ਨੇ ਮੌਕੇ ਦੀ ਕੇਂਦਰ ਸਰਕਾਰ ਕੋਲੋਂ ਮਨਰੇਗਾ ਕਾਨੂੰਨ ਬਣਵਾਇਆ ਸੀ। ਇਹ ਮਜ਼ਦੂਰ ਵਰਗ ਨੂੰ ਕੁਝ ਰਾਹਤ ਪ੍ਰਦਾਨ ਕਰਦਾ ਸੀ। ਕੇਂਦਰ ਸਰਕਾਰ ਨੇ ਨਾਂਅ ਬਦਲਣ ਦੇ ਨਾਂਅ ‘ਤੇ ਮਨਰੇਗਾ ਖਤਮ ਕਰਨ ਵੱਲ ਕਦਮ ਪੁੱਟਿਆ ਹੈ। ਇਹ ਕਾਰਾ ਮਜ਼ਦੂਰ ਵਰਗ ਨਾਲ ਧਰੋਹ ਕਮਾਉਣ ਦੇ ਬਰਾਬਰ ਹੈ। ਉਹਨਾ ਕਿਹਾ ਕਿ ਖੇਤੀਬਾੜੀ ਦਾ ਮਸ਼ੀਨੀਕਰਨ ਹੋਣ ਕਾਰਨ ਖੇਤ ਮਜ਼ਦੂਰਾਂ ਦਾ ਕੰਮ ਬਹੁਤ ਘਟ ਗਿਆ ਸੀ। ਬੇਰੁਜ਼ਗਾਰਾਂ ਲਈ ਮਨਰੇਗਾ ਇੱਕ ਠੁੰਮ੍ਹਣਾ ਸੀ। ਮਜ਼ਦੂਰਾਂ ਨੂੰ ਕੰਮ ਦੇ ਮਿਲੇ ਅਧਿਕਾਰ ਨੂੰ ਖੋਹ ਲਿਆ ਹੈ। ਪੰਜਾਬ ਸਰਕਾਰ ਦੀਆਂ ਨਾ-ਕਾਮੀਆਂ ਦਾ ਜ਼ਿਕਰ ਕਰਦਿਆਂ ਸਰਹਾਲੀ ਕਲਾਂ ਨੇ ਕਿਹਾ ਕਿ ਇਸ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰਿਆ ਹੈ। ਕੀਤਾ ਗਿਆ ਕੋਈ ਵੀ ਵਾਅਦਾ ਵਫਾ ਨਹੀਂ ਹੋ ਸਕਿਆ। ਪੰਜਾਬ ਵਿੱਚ ਫਿਰੌਤੀਆਂ ਅਤੇ ਕਤਲਾਂ ਦਾ ਦੌਰ ਚੱਲ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਦਾ ਬੜਾ ਹੀ ਢੰਡੋਰਾ ਪਿੱਟਿਆ ਜਾ ਰਿਹਾ ਹੈ। ਇਥੇ ਨਸ਼ਿਆਂ ਬਾਰੇ ਜ਼ਮੀਨੀ ਹਕੀਕਤਾਂ ਕੁਝ ਹੋਰ ਕਹਿ ਰਹੀਆਂ ਹਨ। ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਨੇ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ।ਤਿੱਖੀ ਬਹਿਸ ਉਪਰੰਤ ਰਿਪੋਰਟ ਪਾਸ ਕਰ ਦਿੱਤੀ ਗਈ। ਰਿਪੋਰਟ ਵਿੱਚ ਕੁਝ ਵਾਧੇ ਵੀ ਕੀਤੇ ਗਏ। ਸੰਤੋਸ਼ ਬਰਾੜ, ਐਡਵੋਕੇਟ ਰਜਿੰਦਰ ਮੰਡ ਤੇ ਗਿਆਨ ਸੈਦਪੁਰੀ ਦੀ ਪ੍ਰਧਾਨਗੀ ਵਿੱਚ ਹੋਈ ਜ਼ਿਲ੍ਹਾ ਕਾਨਫਰੰਸ ਵਿੱਚ ਰਸ਼ਪਾਲ ਕੈਲੇ ਨੂੰ ਮੁੜ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ। ਹਰਜਿੰਦਰ ਸਿੰਘ ਮੌਜੀ ਅਤੇ ਪਰਮਜੀਤ ਸਮਰਾਏ ਸਹਾਇਕ ਸਕੱਤਰਾਂ ਵਜੋਂ ਚੁਣੇ ਗਏ। ਇਸੇ ਦੌਰਾਨ 29 ਮੈਂਬਰੀ ਜ਼ਿਲ੍ਹਾ ਕੌਂਸਲ ਤੇ 15 ਮੈਂਬਰੀ ਜ਼ਿਲ੍ਹਾ ਕਾਰਜਕਰਨੀ ਚੁਣੀ ਗਈ। ਦੋਵੇਂ ਅਬਜ਼ਰਵਰਾਂ ਬੰਤ ਸਿੰਘ ਬਰਾੜ ਤੇ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਾਨਫਰੰਸ ਦੀ ਸਫਲਤਾ ਲਈ ਜ਼ਿਲ੍ਹਾ ਪਾਰਟੀ ਨੂੰ ਵਧਾਈ ਦਿੱਤੀ।
ਚੁਣੀ ਗਈ ਜ਼ਿਲ੍ਹਾ ਕੌਂਸਲ—ਫਿਲੌਰ-ਰਸ਼ਪਾਲ ਕੈਲੇ, ਪਰਵਿੰਦਰ ਫਲਪੋਤਾ, ਪ੍ਰੇਮ ਮੁਠੱਡਾ, ਤਰਸੇਮ ਸਿੰਘ ਜੰਡਿਆਲਾ।ਸ਼ਾਹਕੋਟ—ਗਿਆਨ ਸੈਦਪੁਰੀ, ਗੁਰਜੀਤ ਸਿੰਘ ਬਰਾੜ, ਸੁਨੀਲ ਕੁਮਾਰ।ਨਕੋਦਰ-ਸੰਦੀਪ ਅਰੋੜਾ, ਸਿਕੰਦਰ ਸੰਧੂ, ਦਿਲਬਾਗ ਸਿੰਘ ਚੰਦੀ, ਮਨਦੀਪ ਸਿੰਘ ਸਿੱਧੂ।
ਜਲੰਧਰ ਸਿਟੀ—ਸੰਤੋਸ਼ ਬਰਾੜ, ਰਣਜੀਤ ਸਿੰਘ ਔਲਖ, ਚੰਦ ਫਤਿਹਪੁਰੀ, ਪਰਮਜੀਤ ਸਮਰਾਏ, ਰਾਜੇਸ਼ ਥਾਪਾ।ਤਹਿਸੀਲ ਜਲੰਧਰ- ਹਰਜਿੰਦਰ ਸਿੰਘ ਮੌਜੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਅਮਰਜੀਤ ਸਿੰਘ ਚਾਹੜਕੇ, ਮਹਿੰਦਰ ਸਿੰਘ ਘੋੜਾਬਾਹੀ, ਸੰਦੀਪ ਦੌਲੀਕੇ, ਸਵਰਨਜੀਤ ਸਿੰਘ ਕੁਰੇਸ਼ੀਆ, ਕੁਲਦੀਪ ਬਹਿਰਾਮ, ਵੀਰ ਕੁਮਾਰ, ਸੀਤਲ ਸਿੰਘ ਬੜਾਪਿੰਡ। ਬੈਂਕਾਂ ਤੋਂ- ਰਾਜ ਕੁਮਾਰ ਜੌਲੀ (ਰਿਟਾ.), ਰੋਡਵੇਜ਼ ਤੋਂ-ਸੰਤੋਖ ਸਿੰਘ (ਰਿਟਾ.), ਇਨਵਾਇਟੀ ਮੈਂਬਰ – ਅਮਰਜੀਤ ਕੌਰ, ਕਸ਼ਮੀਰ ਕੁਰੈਸ਼ੀ।
ਐਗਜ਼ੈਕਟਿਵ ਮੈਂਬਰ—ਚੰਦ ਫਤਿਹਪੁਰੀ, ਗਿਆਨ ਸੈਦਪੁਰੀ, ਗੁਰਜੀਤ ਸਿੰਘ, ਸੰਦੀਪ ਅਰੋੜਾ, ਸਿਕੰਦਰ ਸੰਧੂ, ਮਨਦੀਪ ਸਿੰਘ ਸਿੱਧੂ, ਰਸ਼ਪਾਲ ਕੈਲੇ, ਤਰਸੇਮ ਜੰਡਿਆਲਾ, ਪਰਵਿੰਦਰ ਫਲਪੋਤਾ, ਸਤਪਾਲ ਗੜ੍ਹਾ, ਸੰਤੋਸ਼ ਬਰਾੜ, ਹਰਜਿੰਦਰ ਸਿੰਘ ਮੌਜੀ, ਅਮਰਜੀਤ ਚਾਹੜਕੇ, ਸਵਰਨਜੀਤ ਸਿੰਘ, ਵੀਰ ਕੁਮਾਰ, ਆਡਿਟ ਕਮੇਟੀ-ਗਿਆਨ ਸੈਦਪੁਰੀ ਤੇ ਪਰਮਜੀਤ ਸਰਾਏ।