‘ਮੁੱਖ ਮੰਤਰੀ ਸਿਹਤ ਯੋਜਨਾ’ ਲਈ ਘਰ-ਘਰ ਟੋਕਨ ਵੰਡੇ ਜਾਣਗੇ

0
14

ਚੰਡੀਗੜ੍ਹ (ਗੁਰਜੀਤ ਬਿੱਲਾ,
ਕ੍ਰਿਸ਼ਨ ਗਰਗ)
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’, ਜੋ ਕਿ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਡਾਕਟਰੀ ਇਲਾਜ ਪ੍ਰਦਾਨ ਕਰਦੀ ਹੈ, ਰਸਮੀ ਤੌਰ ‘ਤੇ 22 ਤਰੀਕ ਨੂੰ ਸ਼ੁਰੂ ਕੀਤੀ ਜਾਵੇਗੀ। ਇਹ ਸਕੀਮ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਹਰ ਨਾਗਰਿਕ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੀ ਹੈ।
ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਹੈੱਲਥ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਦਾ ਸਾਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਜਾਂ ਏਜੰਸੀ ਨੂੰ ਕਿਸੇ ਵੀ ਪੜਾਅ ‘ਤੇ ਇੱਕ ਰੁਪਿਆ ਵੀ ਵਸੂਲਣ ਦੀ ਇਜਾਜ਼ਤ ਨਹੀਂ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਸਕੀਮ ਦੀ ਦੁਰਵਰਤੋਂ ਦੀਆਂ ਕੋਸ਼ਿਸ਼ਾਂ ਵਿਰੁੱਧ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਹੈ। ਮੁਕਤਸਰ ਅਤੇ ਮਾਨਸਾ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿੱਥੇ ਕੁਝ ਵਿਅਕਤੀ ਹੈੱਲਥ ਕਾਰਡ ਬਣਾਉਣ ਦੇ ਬਦਲੇ ਲੋਕਾਂ ਤੋਂ 50 ਰੁਪਏ ਨਾਜਾਇਜ਼ ਵਸੂਲ ਰਹੇ ਸਨ। ਉਨ੍ਹਾ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਯੂਥ ਕਲੱਬ ਦੇ ਵਲੰਟੀਅਰ ਟੋਕਨ ਵੰਡਣ ਲਈ ਘਰ-ਘਰ ਜਾਣਗੇ।ਨਾਗਰਿਕਾਂ ਨੂੰ ਆਪਣੇ ਕਾਰਡ ਬਿਲਕੁਲ ਮੁਫ਼ਤ ਬਣਵਾਉਣ ਲਈ ਟੋਕਨ ਦੇ ਨਾਲ ਆਪਣੇ ਆਧਾਰ ਕਾਰਡ ਅਤੇ ਵੋਟਰ ਆਈ ਡੀ ਸਮੇਤ ਨਿਰਧਾਰਤ ਕੇਂਦਰਾਂ ‘ਤੇ ਜਾਣਾ ਹੋਵੇਗਾ।