ਲਖਨਊ : ਮੁਲਾਇਮ ਸਿੰਘ ਦੇ ਬੇਟੇ ਪ੍ਰਤੀਕ ਯਾਦਵ ਨੇ ਆਪਣੀ ਪਤਨੀ ਤੇ ਭਾਜਪਾ ਆਗੂ ਅਪਰਣਾ ਬਿਸ਼ਟ ਯਾਦਵ ‘ਤੇ ਗੰਭੀਰ ਦੋਸ਼ ਲਾਉਂਦਿਆਂ ਤਲਾਕ ਲੈਣ ਦੀ ਗੱਲ ਕਹੀ ਹੈ। ਪ੍ਰਤੀਕ ਨੇ ਇੰਸਟਾਗਰਾਮ ‘ਤੇ ਪਾਈ ਪੋਸਟ ਵਿੱਚ ਕਿਹਾ ਹੈ, ‘ਮੈਂ ਛੇਤੀ ਤੋਂ ਛੇਤੀ ਇਸ ਸਵਾਰਥੀ ਮਹਿਲਾ ਤੋਂ ਤਲਾਕ ਲੈਣ ਜਾ ਰਿਹਾ ਹਾਂ। ਉਸ ਨੇ ਮੇਰੇ ਪਰਵਾਰਕ ਰਿਸ਼ਤਿਆਂ ਨੂੰ ਬਰਬਾਦ ਕਰ ਦਿੱਤਾ। ਉਸ ਦੀ ਇੱਛਾ ਸਿਰਫ ਪ੍ਰਸਿੱਧ ਤੇ ਪ੍ਰਭਾਵਸ਼ਾਲੀ ਬਣਨ ਦੀ ਹੈ।’ ਪ੍ਰਤੀਕ ਨੇ ਇਹ ਵੀ ਕਿਹਾ ਕਿ ਉਹ ਖਰਾਬ ਮਾਨਸਕ ਹਾਲਤ ਨਾਲ ਜੂਝ ਰਿਹਾ ਹੈ, ਪਰ ਅਪਰਣਾ ਉਸ ਦੀ ਪਰਵਾਹ ਨਹੀਂ ਕਰਦੀ। ਉਸ ਨੇ ਅਜਿਹੀ ਦੁਸ਼ਟ ਆਤਮਾ ਕਦੇ ਨਹੀਂ ਦੇਖੀ। ਉਸ ਨੂੰ ਉਸ ਨਾਲ ਵਿਆਹ ਕਰਾਉਣ ਦਾ ਪਛਤਾਵਾ ਹੈ। ਪ੍ਰਤੀਕ ਯਾਦਵ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਯਾਦਵ ਦੇ ਬੇਟੇ ਹਨ, ਜਦਕਿ ਪਹਿਲੀ ਪਤਨੀ ਤੋਂ ਅਖਿਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਹਨ। ਇਸੇ ਦੌਰਾਨ ਅਪਰਣਾ ਦੇ ਨਿੱਜੀ ਸਹਾਇਕ ਹਿਮਾਂਸ਼ੂ ਰਾਇ ਨੇ ਕਿਹਾ ਕਿ ਇਹ ਪੋਸਟ ਫੇਕ ਹੈ, ਕਿਉਂਕਿ ਕਿਸੇ ਨੇ ਪ੍ਰਤੀਕ ਦਾ ਅਕਾਊਂਟ ਹੈਕ ਕਰ ਲਿਆ ਸੀ। ਪੋਸਟ ਵਿੱਚ ਕੋਈ ਸਚਾਈ ਨਹੀਂ ਹੈ। ਅਪਰਣਾ ਯਾਦਵ ਨੂੰ ਸਤੰਬਰ 2024 ਵਿੱਚ ਯੂ ਪੀ ਮਹਿਲਾ ਕਮਿਸ਼ਨ ਦੀ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਉਹ 2017 ਵਿੱਚ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਲਖਨਊ ਕੈਂਟ ਤੋਂ ਅਸੈਂਬਲੀ ਚੋਣ ਲੜੀ ਸੀ, ਪਰ ਭਾਜਪਾ ਦੀ ਰੀਟਾ ਬਹੁਗੁਣਾ ਤੋਂ ਹਾਰ ਗਈ ਸੀ। 2022 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਚਲੇ ਗਈ ਸੀ। ਅਪਰਣਾ ਦੇ ਪਿਤਾ ਪੱਤਰਕਾਰ ਹਨ ਤੇ ਇਸ ਵੇਲੇ ਯੂ ਪੀ ਦੇ ਰਾਜ ਸੂਚਨਾ ਕਮਿਸ਼ਨਰ ਹਨ। ਉਸ ਦੀ ਮਾਤਾ ਲਖਨਊ ਨਗਰ ਨਿਗਮ ਵਿੱਚ ਅਧਿਕਾਰੀ ਹੈ। ਉਸ ਦਾ 2012 ਵਿੱਚ ਪ੍ਰਤੀਕ ਨਾਲ ਵਿਆਹ ਹੋਇਆ ਸੀ, ਜਿਸ ਵਿੱਚ ਅਨਿਲ ਅੰਬਾਨੀ ਤੇ ਅਮਿਤਾਭ ਬੱਚਨ ਵੀ ਸ਼ਾਮਲ ਹੋਏ ਸਨ। ਦੋਨੋਂ ਵਿਆਹ ਤੋਂ ਪਹਿਲਾਂ ਇੱਕ-ਦੂਜੇ ਨੂੰ ਇੱਕ ਦਹਾਕੇ ਤੋਂ ਜਾਣਦੇ ਸਨ।





