ਛੇਹਰਟਾ/ਖਾਸਾ (ਮਨੋਜ ਕੁਮਾਰ/ਸ਼ਸ਼ਪਾਲ) ਪੁਲਸ ਨੇ ਅਟਾਰੀ ਨੇੜੇ ਮੁਕਾਬਲੇ ’ਚ ਖਤਰਨਾਕ ਗੈਂਗਸਟਰ ਮਨੀ ਪਿ੍ਰੰਸ ਨੂੰ ਮਾਰ ਦਿੱਤਾ। ਡੀ ਆਈ ਜੀ ਸੰਦੀਪ ਗੋਇਲ ਨੇ ਦੱਸਿਆ ਕਿ ਪੁਲਸ ਨੇ ਉਸ ਨੂੰ ਜਦੋਂ ਆਤਮ-ਸਮਰਪਣ ਕਰਨ ਲਈ ਕਿਹਾ ਤਾਂ ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ। ਇਹ ਪਿ੍ਰੰਸ ਦਾ ਪੁਲਸ ਨਾਲ ਇੱਕ ਹਫਤੇ ਵਿੱਚ ਦੂਜਾ ਮੁਕਾਬਲਾ ਸੀ। ਕੁਝ ਦਿਨ ਪਹਿਲਾਂ ਅੰਮਿ੍ਰਤਸਰ ਦਿਹਾਤੀ ਪੁਲਸ ਨੇ ਥਾਣਾ ਲੋਪੋਕੇ ਦੇ ਅਧੀਨ ਉਸ ਨੂੰ ਮੁਕਾਬਲੇ ਦੌਰਾਨ ਗਿ੍ਰਫਤਾਰ ਕੀਤਾ ਸੀ। ਉਸ ਸਮੇਂ ਪਿ੍ਰੰਸ ਦੇ ਪੈਰ ਵਿੱਚ ਗੋਲੀ ਲੱਗੀ ਸੀ। ਉਸ ਨੂੰ ਇਲਾਜ ਲਈ ਅੰਮਿ੍ਰਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਲਸ ਦੀ ਨਿਗਰਾਨੀ ਦੇ ਬਾਵਜੂਦ ਉਹ ਪੁਲਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ। ਪਿ੍ਰੰਸ ਖਿਲਾਫ ਤਰਨ ਤਾਰਨ ਅਤੇ ਅੰਮਿ੍ਰਤਸਰ ਦੇ ਵੱਖ-ਵੱਖ ਥਾਣਿਆਂ ਵਿੱਚ ਕਈ ਗੰਭੀਰ ਅਪਰਾਧਕ ਮਾਮਲੇ ਦਰਜ ਸਨ।



