ਚੰਡੀਗੜ੍ਹ : ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਮਨਦੀਪ ਸਿੰਘ (30) ਨੇ ਸੇਵਾ ਦੇ ਸਿੱਖੀ ਸਿਧਾਂਤ, ਮਾਨਵਤਾ ਦੀ ਨਿਰਸਵਾਰਥ ਸੇਵਾ ਅਤੇ ਜੰਗ ਵਿੱਚ ਫਸੇ ਲੋਕਾਂ ਦੀ ਮਦਦ ਕਰਨ ਦੀਆਂ ਸਿੱਖ ਰਵਾਇਤਾਂ ਤੋਂ ਪ੍ਰੇਰਨਾ ਲੈਂਦਿਆਂ ਯੂਕਰੇਨ ਵਿੱਚ ਸਵੈ-ਇੱਛਾ ਨਾਲ ਸੇਵਾ ਕਰਨ ਲਈ ਬਰੈਂਪਟਨ ਓਂਟਾਰੀਓ ਵਿਚਲਾ ਆਪਣਾ ਘਰ ਛੱਡ ਦਿੱਤਾ। ਯੂਕਰੇਨ ਵਿਚ ਫੌਜੀ ਕਾਰਵਾਈ ਦੌਰਾਨ 27 ਅਕਤੂਬਰ, 2024 ਨੂੰ ਮਾਰੇ ਜਾਣ ਤੋਂ ਇੱਕ ਸਾਲ ਬਾਅਦ ਉਸ ਨੂੰ ਦਸੰਬਰ 2025 ਵਿੱਚ ਮਰਨ ਉਪਰੰਤ ਯੂਕਰੇਨੀ ਕੈਨੇਡੀਅਨ ਕੁਰਬਾਨੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਕੀਵ ਪੋਸਟ ਦੀ ਰਿਪੋਰਟ ਮੁਤਾਬਕ ਮਨਦੀਪ, ਜਿਸ ਦਾ ਯੂਕਰੇਨ ਨਾਲ ਪਹਿਲਾਂ ਕੋਈ ਸਿੱਧਾ ਸਬੰਧ ਨਹੀਂ ਸੀ, ਨੂੰ ਟੋਰਾਂਟੋ ਵਿੱਚ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਯੂਕਰੇਨੀ ਕੌਂਸਲ ਜਨਰਲ ਅਤੇ ਯੂਕਰੇਨੀ ਕੈਨੇਡੀਅਨ ਕਾਂਗਰਸ ਦੇ ਮੈਂਬਰ ਅਤੇ ਯੂਕਰੇਨੀ ਵਾਰ ਵੈਟਰਨਜ਼ ਐਸੋਸੀਏਸ਼ਨ ਆਫ ਕੈਨੇਡਾ ਵੀ ਸ਼ਾਮਲ ਸਨ। ਮਨਦੀਪ ਇਹ ਤਗ਼ਮਾ ਹਾਸਲ ਕਰਨ ਵਾਲੇ 14 ਲੋਕਾਂ ਵਿੱਚੋਂ ਇਕਲੌਤਾ ਸਿੱਖ ਕੈਨੇਡੀਅਨ ਹੈ। ਯੂਕਰੇਨੀ ਕੈਨੇਡੀਅਨ ਸੈਕਰੀਫਾਈਸ ਮੈਡਲ ਦੇ ਚੇਅਰਪਰਸਨ ਤਾਰਾਸ ਜੈਕੀਵ ਨੇ ਕੀਵ ਪੋਸਟ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, ‘‘ਅਸੀਂ ਉਨ੍ਹਾਂ ਦੇ ਰਿਣੀ ਹਾਂ ਤੇ ਇਹ ਕਰਜ਼ ਕਦੇ ਨਹੀਂ ਚੁਕਾਇਆ ਜਾ ਸਕਦਾ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ।’’ ਮੁੰਬਈ ਵਿੱਚ ਜਨਮੇ ਮਨਦੀਪ ਦੇ ਮਾਤਾ-ਪਿਤਾ ਜਸਵਿੰਦਰ ਸਿੰਘ ਅਤੇ ਆਸ਼ਾ ਕੌਰ 2004 ਵਿੱਚ ਬਰੈਂਪਟਨ ਚਲੇ ਗਏ ।




