ਜੰਮੂ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਭਾਰਤ ਲਈ ਗੋਲੀਆਂ ਦਾ ਸਾਹਮਣਾ ਕੀਤਾ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਅਜਿਹਾ ਕਰਨ ਲਈ ਤਿਆਰ ਹਨ। ਅਬਦੁੱਲਾ ਨੇ ਭਾਜਪਾ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਨੈਸ਼ਨਲ ਕਾਨਫਰੰਸ ਖੇਤਰ ’ਚ ਪੱਥਰਬਾਜ਼ੀ ਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਾਬਕਾ ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੇ ਨਵੇਂ ਸਿਰੇ ਤੋਂ ਵੰਡ ਦੇ ਸੱਦੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਅਜਿਹੀਆਂ ਮੰਗਾਂ ਨੂੰ ‘ਮੂਰਖਤਾ ਅਤੇ ਬੇਸਮਝੀ’ ਦੱਸਿਆ। ਉਨ੍ਹਾਂ ਉਮੀਦ ਜਤਾਈ ਕਿ ਲੱਦਾਖ, ਜਿਸ ਨੂੰ 2019 ਵਿੱਚ ਇੱਕ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਨਾਮਜ਼ਦ ਕੀਤਾ ਗਿਆ ਸੀ, ਦਾ ਸਾਬਕਾ ਰਾਜ ਨਾਲ ਮੁੜ ਰਲੇਵਾਂ ਹੋ ਸਕਦਾ ਹੈ। ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ ਵਾਧੂ ਜ਼ਿਲ੍ਹੇ ਬਣਾਉਣ ਤੋਂ ਵੀ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪੀਰ ਪੰਜਾਲ ਤੇ ਚਨਾਬ ਵਾਦੀਆਂ ਲਈ ਵੱਖਰੀਆਂ ਡਵੀਜ਼ਨਾਂ ਦੀ ਮੰਗ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਇਸ ਨੂੰ ‘ਡਿਕਸਨ ਪਲਾਨ’ ਦਾ ਹਿੱਸਾ ਦੱਸਿਆ। ਇਹ ਤਜਵੀਜ਼ ਸਤੰਬਰ 1950 ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਅਤੇ ਆਸਟਰੇਲੀਆ ਦੇ ਸਾਬਕਾ ਮੁੱਖ ਜੱਜ ਸਰ ਓਵਨ ਡਿਕਸਨ ਵੱਲੋਂ ਦਿੱਤੀ ਗਈ ਸੀ, ਜਿਸ ਦਾ ਮਕਸਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ-ਕਸ਼ਮੀਰ ਵਿਵਾਦ ਨੂੰ ਹੱਲ ਕਰਨਾ ਸੀ।




