ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਣ ਆਂਗਣਵਾੜੀ ਸੈਂਟਰਾਂ ਤੋਂ ਲੈ ਕੇ ਪ੍ਰਾਈਵੇਟ ਪਲੇ-ਵੇਅ ਸਕੂਲਾਂ ਤੱਕ ਇੱਕੋ ਜਿਹਾ ਸਿਲੇਬਸ ਪੜ੍ਹਾਉਣ ਦਾ ਫੈਸਲਾ ਕੀਤਾ ਹੈ। ਪਲੇ-ਵੇਅ ਸਕੂਲਾਂ ਦੀ ਰਜਿਸਟਰੇਸ਼ਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇੱਕ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਹੈ। ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਲੇ-ਵੇਅ ਸਕੂਲਾਂ ਦੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਤਾਂ ਕਾਫੀ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਸਕੂਲ ਪ੍ਰਬੰਧਕਾਂ ਨੇ ਇਸ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ, ਇਸ ਲਈ ਹੁਣ ਇਸ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 16,000 ਪਲੇ-ਵੇਅ ਸਕੂਲ ਹਨ, ਜਿਨ੍ਹਾਂ ਵਿੱਚੋਂ ਸਿਰਫ 300 ਸਕੂਲਾਂ ਨੇ ਹੀ ਰਜਿਸਟਰੇਸ਼ਨ ਲਈ ਅਪਲਾਈ ਕੀਤਾ ਹੈ। ਵਿਭਾਗ ਵੱਲੋਂ 27,000 ਆਂਗਣਵਾੜੀ ਸੈਂਟਰਾਂ ਦੇ 6,000 ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੜ੍ਹਾ ਸਕਣ। ਇਸ ਲਈ ਸਰਕਾਰ ਨੇ ਬਕਾਇਦਾ ਇੱਕ ਸਿਲੇਬਸ ਵੀ ਤਿਆਰ ਕੀਤਾ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਉਦੇਸ਼ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪੂਰਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਨਾ ਹੈ। ਪੰਜਾਬ ਸਰਕਾਰ ਨੇ 1,000 ਆਂਗਣਵਾੜੀ ਕੇਂਦਰਾਂ ਨੂੰ ਆਧੁਨਿਕ ਰੂਪ ਦਿੱਤਾ ਹੈ। 130 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਤਹਿਤ 100 ਕਰੋੜ ਰੁਪਏ ਬੁਨਿਆਦੀ ਢਾਂਚੇ ’ਤੇ ਅਤੇ 30 ਕਰੋੜ ਰੁਪਏ ਆਂਗਣਵਾੜੀ ਕੇਂਦਰਾਂ ਲਈ ਫਰਨੀਚਰ ਖਰੀਦਣ ’ਤੇ ਖਰਚ ਕੀਤੇ ਗਏ ਹਨ।



