ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਦੇਸ਼ ਦੌਰੇ ਤੋਂ ਪਰਤਦਿਆਂ ਜਿਸ ਤਰ੍ਹਾਂ ਉਸ ਦੀ ਸ਼ਰਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰਾਂ ਵੱਲੋਂ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਈ ਗਈ, ਉਹ ਠੀਕ ਨਹੀਂ ਹੈ। ਵਿਰੋਧੀ ਧਿਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਕੇ ਉਸ ਨੂੰ ਜਨਤਾ ਦੀ ਕਚਹਿਰੀ ਵਿੱਚ ਖੜ੍ਹਾ ਕਰਨ। ਆਮ ਆਦਮੀ ਪਾਰਟੀ ਨੇ ਚੋਣ ਘੋਲ ਦੌਰਾਨ ਜਿਹੜੀਆਂ ਗਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਹੋਈਆਂ ਜਾਂ ਨਹੀਂ, ਇਸ ਬਾਰੇ ਸਵਾਲ ਕਰਨ।
ਪਰ ਕਮਿਊਨਿਸਟਾਂ ਨੂੰ ਛੱਡ ਕੇ ਪੰਜਾਬ ਵਿੱਚ ਵਾਰੋ-ਵਾਰੀ ਰਾਜ ਕਰਦੀਆਂ ਦੋਵੇਂ ਪਾਰਟੀਆਂ, ਕਾਂਗਰਸ ਤੇ ਅਕਾਲੀ ਦਲ ਨਿੱਜੀ ਹਮਲਿਆਂ ਦੀ ਗੰਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਉਲਝੀਆਂ ਪਈਆਂ ਹਨ। ਪਹਿਲਾਂ ਕੁਝ ਦਿਨ ਮੀਡੀਆ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦਰਮਿਆਨ ਤਫਰਕਾ ਪੈਦਾ ਹੋਣ ਦੀ ਅਫ਼ਵਾਹ ਫੈਲਾ ਕੇ ਇਹ ਕਿਹਾ ਗਿਆ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਲੈ ਚੁੱਕਾ ਹੈ ਤੇ ਹੁਣ ਇਸੇ ਲੜੀ ਵਿੱਚ ਲੁਫ਼ਥਾਂਸਾ ਏਅਰਲਾਈਨਜ਼ ਦੇ ਹਵਾਈ ਜਹਾਜ਼ ਦੇ ਲੇਟ ਹੋਣ ਨੂੰ ਇਸ ਗੱਲ ਨਾਲ ਜੋੜ ਦਿੱਤਾ ਗਿਆ ਕਿ ਭਗਵੰਤ ਮਾਨ ਦੇ ਸ਼ਰਾਬੀ ਹੋਣ ਕਾਰਨ ਜਹਾਜ਼ ਨੂੰ ਲੇਟ ਕਰਨਾ ਪਿਆ ਤੇ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਬਸ ਇਹ ਗੱਲ ਉੱਡੀ ਸੀ ਕਿ ਸੋਸ਼ਲ ਮੀਡੀਆ ਉੱਤੇ ਪੋਸਟਾਂ ਦਾ ਹੜ੍ਹ ਆ ਗਿਆ। ਗਵਾਹ ਦੇ ਤੌਰ ਉੱਤੇ ਇੱਕ ਔਰਤ ਦਾ ਵੀ ਹਵਾਲਾ ਦੇ ਦਿੱਤਾ ਗਿਆ, ਜਿਸ ਨੇ ਕਿਹਾ ਕਿ ਭਗਵੰਤ ਮਾਨ ਏਨਾ ਸ਼ਰਾਬੀ ਸੀ ਕਿ ਉਸ ਤੋਂ ਖੜ੍ਹਿਆ ਨਹੀਂ ਸੀ ਜਾ ਰਿਹਾ। ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ਼ਰੰਸਾਂ ਲਾ ਕੇ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਦਿੱਤੀ। ਇਸ ਸਾਰੇ ਰੌਲੇ-ਰੱਪੇ ਦੌਰਾਨ ਲੁਫ਼ਥਾਂਸਾ ਏਅਰਲਾਈਨਜ਼ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ਇੱਕ ਹੋਰ ਜਹਾਜ਼, ਜਿਸ ਦੀਆਂ ਸਵਾਰੀਆਂ ਚੁੱਕਣੀਆਂ ਸਨ, ਦੇ ਲੇਟ ਹੋਣ ਕਾਰਣ ਸੰਬੰਧਤ ਫਲਾਈਟ ਨੂੰ ਰੋਕਣਾ ਪਿਆ ਸੀ।
ਇਸ ਦੌਰਾਨ ‘ਦੀ ਜਰਮਨ ਟਾਈਮਜ਼’ ਨਾਂਅ ਦੇ ਇੱਕ ਅਖ਼ਬਾਰ ਵਿੱਚ ਕਿਸੇ ਡੈਨੀਅਲ ਸ਼ੁਟਜ਼ ਨਾਂਅ ਦੇ ਪੱਤਰਕਾਰ ਦੇ ਇੱਕ ਲੰਮੇ ਲੇਖ ਦੀ ਫੋਟੋ ਕਾਪੀ ਸੋਸ਼ਲ ਮੀਡੀਆ ਉੱਤੇ ਪ੍ਰਗਟ ਹੋ ਗਈ। ਇਸ ਵਿੱਚ ਵੀ ਇਹੋ ਲਿਖਿਆ ਗਿਆ ਸੀ ਕਿ ਜਹਾਜ਼ ਦੀ ਫਲਾਈਟ ਭਗਵੰਤ ਮਾਨ ਦੇ ਸ਼ਰਾਬੀ ਹੋਣ ਕਾਰਨ ਲੇਟ ਹੋਈ ਸੀ। ਇਸ ਤੋਂ ਬਾਅਦ ਕਾਂਗਰਸੀ ਆਗੂਆਂ ਸਮੇਤ ਹਰ ਛੋਟੇ-ਵੱਡੇ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਵਿਅਕਤੀਆਂ ਨੇ ਇਸ ਲੇਖ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।
ਇਸੇ ਦੌਰਾਨ ‘ਨਿਊਜ਼ਚੈਕਰ’ ਨਾਂਅ ਦੀ ਵੈਬਸਾਈਟ ਨੇ ਇਸ ਦੀ ਸਚਾਈ ਜਾਣਨ ਲਈ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ‘ਨਿਊਜ਼ਚੈਕਰ’ ਨੇ ਜਦੋਂ ‘ਦੀ ਜਰਮਨ ਟਾਈਮਜ਼’ ਅਖ਼ਬਾਰ ਨਾਲ ਸੰਪਰਕ ਕੀਤਾ ਤਾਂ ਅਖ਼ਬਾਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਅਖ਼ਬਾਰ ਛਾਪਣਾ ਬੰਦ ਕਰ ਦਿੱਤਾ ਸੀ ਤੇ ਹੁਣ ਉਹ ਸਿਰਫ਼ ਆਨਲਾਈਨ ਐਡੀਸ਼ਨ ਕੱਢਦੇ ਹਨ। ਇਸ ਦੇ ਨਾਲ ਹੀ ਪ੍ਰਬੰਧਕਾਂ ਨੇ ਦੱਸਿਆ ਕਿ ਡੈਨੀਅਲ ਸ਼ੁਟਜ਼ ਨਾਂਅ ਦਾ ਉਨ੍ਹਾਂ ਦਾ ਕੋਈ ਰਿਪੋਰਟਰ ਨਹੀਂ ਹੈ। ਇਸ ਉਪਰੰਤ ਨਿਊਜ਼ਚੈਕਰ ਟੀਮ ਨੇ ‘ਦੀ ਜਰਮਨ ਟਾਈਮਜ਼’ ਦਾ ਆਨਲਾਈਨ ਐਡੀਸ਼ਨ ਚੈਕ ਕੀਤਾ ਤਾਂ ਉੱਥੇ ਵੀ ਅਜਿਹਾ ਕੋਈ ਲੇਖ ਨਹੀਂ ਸੀ।
ਅਸੀਂ ਇਹ ਬਿਲਕੁੱਲ ਨਹੀਂ ਕਹਿੰਦੇ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੀ ਨਹੀਂ ਹੈ। ਪੰਜਾਬ ਦੇ ਸਾਰੇ ਸਿਆਸੀ ਆਗੂਆਂ ਵਿੱਚੋਂ ਸ਼ਾਇਦ ਹੀ ਕੋਈ ਹੋਵੇ ਜਿਹੜਾ ਬਾਂਹ ਖੜ੍ਹੀ ਕਰਕੇ ਕਹਿ ਸਕੇ ਕਿ ਉਹ ਤਾਂ ਮੂੰਹ ਨਹੀਂ ਲਾਉਂਦਾ। ਬਹੁਤ ਸਾਰੇ ਆਗੂਆਂ ਬਾਰੇ ਅਸੀਂ ਜਾਣਦੇ ਹਾਂ, ਜਿਨ੍ਹਾਂ ਨੇ ਲਾਇਸੰਸ ਲੈ ਕੇ ਘਰਾਂ ਵਿੱਚ ਬਾਰਾਂ ਬਣਾਈਆਂ ਹੋਈਆਂ ਹਨ। ਹੁਣ ਜਦੋਂ ਕੇਂਦਰੀ ਹਵਾਬਾਜ਼ੀ ਮੰਤਰੀ ਜਿਓਤਰਦਿਤਿਆ ਸਿੰਧੀਆ ਨੇ ਕਹਿ ਦਿੱਤਾ ਹੈ ਕਿ ਉਹ ਭਗਵੰਤ ਮਾਨ ਉੱਤੇ ਲੱਗੇ ਦੋਸ਼ਾਂ ਦੀ ਜਾਂਚ ਕਰਾਉਣਗੇ ਤਾਂ ਸਭ ਨੂੰ ਉਸ ਜਾਂਚ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ।