ਨਵੀਂ ਦਿੱਲੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਸਪੱਸ਼ਟ ਸੰਕੇਤ ਦਿੱਤਾ ਕਿ ਜੇ ਪਾਰਟੀ ਦੇ ਲੋਕ ਚਾਹੁੰਦੇ ਹਨ ਤਾਂ ਉਹ ਪਾਰਟੀ ਪ੍ਰਧਾਨ ਦੀ ਚੋਣ ਲੜਨਗੇ ਤੇ ਉਨ੍ਹਾ ਨੂੰ ਸੌਂਪੀ ਜਾਣ ਵਾਲੀ ਕੋਈ ਵੀ ਜ਼ਿੰਮੇਵਾਰੀ ਨਿਭਾਉਣਗੇ।
ਤਾਂ ਵੀ, ‘ਭਾਰਤ ਜੋੋੜੋ ਯਾਤਰਾ’ ਵਿਚ ਸ਼ਾਮਲ ਹੋਣ ਲਈ ਕੋਚੀ ਜਾਣ ਤੋਂ ਪਹਿਲਾਂ ਉਨ੍ਹਾ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਪ੍ਰਧਾਨਗੀ ਸੰਭਾਲਣ ਲਈ ਮਨਾਉਣ ਦੀ ਆਖਰੀ ਕੋਸ਼ਿਸ਼ ਕਰਨਗੇ। ਜੈਪੁਰ ਤੋਂ ਦਿੱਲੀ ਪੁੱਜਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਉਹ ਅਜਿਹਾ ਫੈਸਲਾ ਕਰਨਗੇ, ਜਿਸ ਨਾਲ ਕਾਂਗਰਸ ਮਜ਼ਬੂਤ ਹੁੰਦੀ ਹੋਵੇ।
ਗਹਿਲੋਤ ਨੇ ਕਿਹਾਪਾਰਟੀ ਤੇ ਹਾਈਕਮਾਨ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਂ 40-50 ਸਾਲ ਤੋਂ ਅਹੁਦੇ ਮਾਣ ਰਿਹਾ ਹਾਂ। ਮੇਰੇ ਲਈ ਅਹੁਦਾ ਅਹਿਮ ਨਹੀਂ, ਮੈਂ ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨਿਭਾਵਾਂਗਾ।
ਉਨ੍ਹਾ ਇਹ ਵੀ ਕਿਹਾ ਕਿ ਨਾ ਸਿਰਫ ਗਾਂਧੀ ਪਰਵਾਰ, ਸਗੋਂ ਕਾਂਗਰਸ ਦੇ ਬੀਸੀਓਂ ਮੈਂਬਰਾਂ ਨੂੰ ਉਨ੍ਹਾ ’ਤੇ ਭਰੋਸਾ ਹੈ। ਉਨ੍ਹਾ ਕਿਹਾਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਦੇਸ਼-ਭਰ ਦੇ ਕਾਂਗਰਸੀ ਪੁਰਸ਼ਾਂ ਤੇ ਮਹਿਲਾਵਾਂ ਦਾ ਪਿਆਰ ਤੇ ਸਨੇਹ ਮਿਲਿਆ ਹੈ ਅਤੇ ਉਹ ਮੇਰੇ ’ਤੇ ਭਰੋਸਾ ਕਰਦੇ ਹਨ।
ਗਹਿਲੋਤ ਨੂੰ ਜਦੋਂ ਇਹ ਕਿਹਾ ਗਿਆ ਕਿ ਕੀ ਮੁੱਖ ਮੰਤਰੀ ਰਹਿ ਕੇ ਪ੍ਰਧਾਨ ਦੀ ਚੋਣ ਲੜਨਾ ਉਦੈਪੁਰ ਵਿਚ ਪਾਰਟੀ ਵੱਲੋਂ ਲਏ ਗਏ ਪ੍ਰਣ ਦੀ ਉਲੰਘਣਾ ਨਹੀਂ ਹੋਵੇਗੀ, ਗਹਿਲੋਤ ਨੇ ਕਿਹਾ ਕਿ ਇਹ ਪ੍ਰਣ ਉਦੋਂ ਲਾਗੂ ਹੁੰਦਾ ਹੈ, ਜਦੋਂ ਹਾਈ ਕਮਾਨ ਕਿਸੇ ਨੂੰ ਨਾਮਜ਼ਦ ਕਰਦੀ ਹੈ, ਪ੍ਰਧਾਨਗੀ ਦੀ ਚੋਣ ਖੁੱਲ੍ਹੀ ਚੋਣ ਹੈ। ਕੋਈ 9 ਹਜ਼ਾਰ ਡੈਲੀਗੇਟਾਂ ਵਿੱਚੋਂ ਕੋਈ ਵੀ ਚੋਣ ਲੜ ਸਕਦਾ ਹੈ, ਭਾਵੇਂ ਉਹ ਸਾਂਸਦ ਹੈ, ਵਿਧਾਇਕ ਹੈ ਜਾਂ ਮੰਤਰੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵੀ ਰਾਜਸਥਾਨ ਦੇ ਮੁੱਖ ਮੰਤਰੀ ਬਣੇ ਰਹਿਣਗੇ, ਗਹਿਲੋਤ ਨੇ ਕਿਹਾਸਮਾਂ ਦੱਸੇਗਾ, ਮੈਂ ਕਿੱਥੇ ਰਹਾਂਗਾ। ਮੈਂ ਉਥੇ ਰਹਿਣਾ ਚਾਹਾਂਗਾ, ਜਿੱਥੇ ਪਾਰਟੀ ਨੂੰ ਮੇਰੇ ਤੋਂ ਲਾਭ ਮਿਲੇ। ਮੈਂ ਪਾਰਟੀ ਦੀ ਸੇਵਾ ਕਰਨੀ ਚਾਹੁੰਦਾ ਹਾਂ, ਰਾਜਸਥਾਨ ਵਿਚ ਰਹਿ ਕੇ ਕਰਾਂ ਜਾਂ ਦਿੱਲੀ ਵਿਚ।
ਪ੍ਰਧਾਨਗੀ ਲਈ ਸ਼ਸ਼ੀ ਥਰੂਰ ਨਾਲ ਮੁਕਾਬਲਾ ਹੋਣ ਬਾਰੇ ਪੁੱਛੇ ਜਾਣ ’ਤੇ ਗਹਿਲੋਤ ਨੇ ਕਿਹਾ ਕਿ ਮੁਕਾਬਲਾ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਲਈ ਚੰਗੀ ਗੱਲ ਹੈ। ਰਾਜਨਾਥ ਭਾਜਪਾ ਦੇ ਪ੍ਰਧਾਨ ਬਣੇ, ਉਸ ਤੋਂ ਬਾਅਦ ਅਮਿਤ ਸ਼ਾਹ ਬਣੇ, ਫਿਰ ਨੱਢਾ ਜੀ ਬਣੇ, ਪਰ ਕੋਈ ਰੌਲਾ ਨਹੀਂ ਪਿਆ। ਅਸੀਂ ਖੁਸ਼ਕਿਸਮਤ ਹਾਂ ਕਿ ਮੀਡੀਆ ਸਿਰਫ ਕਾਂਗਰਸ ਪ੍ਰਧਾਨ ਬਾਰੇ ਗੱਲਾਂ ਕਰ ਰਿਹਾ ਹੈ।
ਇਸੇ ਦੌਰਾਨ ਗਹਿਲੋਤ ਨੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਉਧਰ, ਥਰੂਰ ਪਾਰਟੀ ਹੈੱਡਕੁਆਰਟਰ ਵਿਚ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੂੰ ਮਿਲੇ। ਪ੍ਰਧਾਨਗੀ ਲਈ ਨਾਮਜ਼ਦਗੀਆਂ ਦਾ ਅਮਲ 24 ਤੋਂ 30 ਸਤੰਬਰ ਤੱਕ ਚੱਲਣਾ ਹੈ। ਪਹਿਲੀ ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਕਾਗਜ਼ 8 ਅਕਤੂਬਰ ਤੱਕ ਵਾਪਸ ਲਏ ਜਾ ਸਕਣਗੇ। ਜੇ ਇਕ ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹੋਏ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਤੇ ਨਤੀਜਾ ਉਸੇ ਦਿਨ ਐਲਾਨਿਆ ਜਾਵੇਗਾ।