ਜਲੰਧਰ : ਸਾਮਰਾਜੀ ਦਾਬੇ, ਗੁਲਾਮੀ, ਜਬਰ-ਜ਼ੁਲਮ, ਲੁੱਟ ਅਤੇ ਅਨਿਆਂ ਖ਼ਿਲਾਫ਼ ਸਮੇਂ-ਸਮੇਂ ਉੱਠੀਆਂ ਲਹਿਰਾਂ ’ਚ 1922 ਵਿੱਚ ਗਠਤ ਹੋਈ ਬੱਬਰ ਅਕਾਲੀ ਲਹਿਰ ਦੇ ਪਹਿਲੇ ਸ਼ਹੀਦੀ ਸ਼ਤਾਬਦੀ ਵਰੇ੍ਹ 1926-1927 ਨੂੰ ਸਮਰਪਤ ਬੱਬਰ ਅਕਾਲੀ ਲਹਿਰ ਦਾ ਸ਼ਹੀਦੀ ਸ਼ਤਾਬਦੀ ਵਰ੍ਹਾ 27 ਫਰਵਰੀ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਏਗਾ। ਇਸ ਦਿਨ ਵਿਸ਼ੇਸ਼ ਤੌਰ ’ਤੇ ਸਾਡੇ ਸਮਿਆਂ ਦੇ ਬੇਹੱਦ ਪ੍ਰਸੰਗਕ ਅਤੇ ਇਤਿਹਾਸ ਨਾਲ ਸੁਰਤਾਲ ਮਿਲਾ ਕੇ ਚੱਲਦਿਆਂ ਦੋ ਵਿਸ਼ਿਆਂ ਉਪਰ ਭਰਵੀਂ ਵਿਚਾਰ-ਚਰਚਾ ਹੋਏਗੀ। ਪਹਿਲਾ ਵਿਸ਼ਾ ਹੋਏਗਾ, ‘ਬੱਬਰ ਅਕਾਲੀ ਲਹਿਰ ਦੀ ਸਾਡੇ ਸਮਿਆਂ ’ਚ ਪ੍ਰਸੰਗਕਤਾ’ ਅਤੇ ਦੂਜਾ ਵਿਸ਼ਾ ਹੋਏਗਾ ‘ਸਾਡੇ ਮੁਲਕ ਅਤੇ ਵਿਸ਼ੇਸ਼ ਕਰਕੇ ਪੰਜਾਬ ਉਪਰ ਚੜ੍ਹੀ ਆਉਂਦੀ ਫ਼ਿਰਕੂ ਫਾਸ਼ੀ ਹੱਲੇ ਦੀ ਕਾਗ’। ਇਹਨਾਂ ਵਿਸ਼ਿਆਂ ਉਪਰ ਮੁੱਖ ਬੁਲਾਰਿਆਂ ਵਜੋਂ ਬੁਲਾਵੇ ਲਈ 6 ਫਰਵਰੀ ਨੂੰ ਹੋਣ ਵਾਲੀ ਜਨਰਲ ਬਾਡੀ ਮੀਟਿੰਗ ’ਚ ਵਿਚਾਰ ਕੇ ਅੰਤਮ ਛੋਹਾਂ ਦਿੱਤੀਆਂ ਜਾਣਗੀਆਂ। ਕਮੇਟੀ ਵਿਚਾਰ-ਚਰਚਾ ਉਪਰੰਤ ਇਸ ਨਤੀਜੇ ’ਤੇ ਪੁੱਜੀ ਹੈ ਕਿ ਬੱਬਰ ਅਕਾਲੀ ਲਹਿਰ ਦਾ ਸ਼ਹਾਦਤਾਂ ਭਰਿਆ ਇਤਿਹਾਸ ਗਵਾਹ ਹੈ ਕਿ ਉਹ ਬਦੇਸ਼ੀ ਸਾਮਰਾਜਵਾਦ ਅਤੇ ਉਹਨਾਂ ਦੀਆਂ ਸੇਵਾਦਾਰ ਦੇਸੀ ਤਾਕਤਾਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ, ਬੱਬਰ ਅਕਾਲੀ ਸੀਸ ਤਲ਼ੀ ’ਤੇ ਧਰ ਕੇ ਲੜੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੌਸ਼ਨ ਮਸ਼ਾਲ ਬਣੇ ਕਿ ਕਦੇ ਵੀ ਗੁਲਾਮੀ, ਦਾਬੇ, ਲੁੱਟ, ਵਿਤਕਰੇ, ਅਨਿਆਂ ਅਤੇ ਜ਼ਬਰ ਦੇ ਪਹਾੜ ਅੱਗੇ ਦਬਣ ਦੀ ਲੋੜ ਨਹੀਂ। ਬੋਰਡ ਆਫ਼ ਟਰੱਸਟ ਨੇ ਸੱਭਿਆਚਾਰਕ ਵਿੰਗ ਵੱਲੋਂ ਤਜਵੀਜ਼ਤ ਪ੍ਰੋਗਰਾਮ ਦੇ ਖ਼ਾਕੇ ਨੂੰ ਸਹਿਮਤੀ ਦਿੱਤੀ, ਜਿਸ ਮੁਤਾਬਕ 1926 ਦੇ ਵਰ੍ਹੇ ਬੱਬਰ ਅਕਾਲੀ ਲਹਿਰ ਸ਼ਤਾਬਦੀ ਮਨਾਈ ਜਾਏਗੀ। 8 ਮਾਰਚ ਕੌਮਾਂਤਰੀ ਦਿਹਾੜਾ ਮਨਾਇਆ ਜਾਏਗਾ ਅਤੇ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ ’ਤੇ ਉਹਨਾਂ ਨੂੰ ਸਿਜਦਾ ਕੀਤਾ ਜਾਏਗਾ। 27 ਮਾਰਚ ਨੂੰ ਵਿਸ਼ਵ ਰੰਗਮੰਚ ਦਿਹਾੜਾ ਵੀ ਹਰ ਸਾਲ ਦੀ ਤਰ੍ਹਾਂ ਢੁਕਵੇਂ ਅੰਦਾਜ਼ ਵਿੱਚ ਮਨਾਇਆ ਜਾਏਗਾ। ਇਸ ਲੜੀ ਤਹਿਤ ਹੀ 21 ਅਪ੍ਰੈਲ ਗ਼ਦਰ ਪਾਰਟੀ ਦਾ ਸਥਾਪਨਾ ਦਿਹਾੜਾ ਸਮਾਗਮ ਹੋਏਗਾ। ਦੇਸ਼ ਭਗਤ ਯਾਦਗਾਰ ਹਾਲ ਕੰਪਲੈਕਸ ਅੰਦਰ ਲੋੜੀਂਦੇ ਕੰਮਕਾਰਾਂ ਨੂੰ ਵੀ ਹੱਥ ਲਿਆ ਗਿਆ। ਮੀਟਿੰਗ ਵਿੱਚ ਵਿਦਵਾਨ ਲੇਖਕ ਗਿਆਨ ਰੰਜਨ, ਵਰਿੰਦਰ ਯਾਦਵ, ਵਿਨੋਦ ਕੁਮਾਰ ਸ਼ੁਕਲਾ, ਐਡਵੋਕੇਟ ਦਿਲਜੋਤ, ਹਰਜੋਤ ਤੁੰਗਾ ਸੰਗਰੂਰ, ਹਰਬੰਸ ਸਿੰਘ ਅਕਸ, ਪਿ੍ਰੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਅਤੇ ਸ਼ਗਨਪ੍ਰੀਤ ਜਿਉਂਦ ਦੀ ਮਾਂ ਗੁਰਮੇਲ ਕੌਰ ਦੇ ਅਸਹਿ ਵਿਛੋੜੇ ’ਤੇ ਦੁੱਖ਼ ਦਾ ਇਜ਼ਹਾਰ ਕਰਦਿਆਂ ਉਹਨਾਂ ਨੂੰ ਨਿੱਘੀ ਸ਼ਰਧਾਂਜ਼ਲੀ ਭੇਟ ਕੀਤੀ।




