ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਮੰਗਾਂ ਨੂੰ ਲੈ ਕੇ 30 ਤੋਂ ਰੋਸ ਧਰਨੇ

0
14

ਜਲੰਧਰ (ਰਾਜੇਸ਼ ਥਾਪਾ)
ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਇੱਕ ਅਹਿਮ ਮੀਟਿੰਗ ਸ਼ਨੀਵਾਰ ਕਾਮਰੇਡ ਜਸਵੰਤ ਸਿੰਘ ਸਮਰਾ ਭਵਨ, ਜਲੰਧਰ ਵਿਖੇ ਹੋਈ। ਇਸ ਉਪਰੰਤ ਜਥੇਬੰਦੀ ਦੇ ਆਗੂਆਂ ਜਗਦੀਸ਼ ਸਿੰਘ ਚਾਹਲ, ਗੁਰਜੰਟ ਸਿੰਘ ਕੋਕਰੀ, ਦੀਦਾਰ ਸਿੰਘ ਮੁੱਧ, ਅਵਤਾਰ ਸਿੰਘ ਤਾਰੀ ਅਤੇ ਗੁਰਜੀਤ ਸਿੰਘ ਜਲੰਧਰ ਨੇ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀਆਂ ਟ੍ਰਾਂਸਪੋਰਟ ਮਾਰੂ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਵੇਲੇ ਜਨਤਾ ਨੇ ਬਦਲਾਅ ਦੀ ਉਮੀਦ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ, ਪਰ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਸੁਧਾਰ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਬਾਦਲਾਂ ਦੀਆਂ ਬੱਸਾਂ ਦਾ ਰੰਗ ਬਦਲ ਕੇ ਸਰਕਾਰੀ ਕਰਨ ਦਾ ਵਾਅਦਾ ਵਫਾ ਨਹੀਂ ਹੋਇਆ। 1997 ਤੋਂ ਬਾਅਦ ਕਿਸੇ ਸਰਕਾਰ ਨੇ ਇਸ ਜਨਤਕ ਅਦਾਰੇ ਲਈ ਬਜਟ ਨਹੀਂ ਰੱਖਿਆ। ਔਰਤਾਂ ਲਈ ਮੁਫਤ ਸਫਰ ਸਹੂਲਤ ਦੇ 500 ਕਰੋੜ ਰੁਪਏ ਅਤੇ ਹੋਰ ਕੈਟਾਗਰੀਆਂ ਦੇ 300 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਵਿਭਾਗ ਕੋਲ ਡੀਜ਼ਲ ਅਤੇ ਸਪੇਅਰ ਪਾਰਟਸ ਖਰੀਦਣ ਲਈ ਵੀ ਪੈਸੇ ਨਹੀਂ ਹਨ। ਰੋਡਵੇਜ਼ ਦਾ ਬੱਸ ਫਲੀਟ 2407 ਤੋਂ ਘਟ ਕੇ ਕੇਵਲ 1460 ਰਹਿ ਗਿਆ ਹੈ। ਰੋਜ਼ਾਨਾ ਲਗਭਗ 400 ਬੱਸਾਂ ਵਰਕਸ਼ਾਪਾਂ ਵਿੱਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਦਾ ਸਿੱਧਾ ਫਾਇਦਾ ਨਿੱਜੀ ਟ੍ਰਾਂਸਪੋਰਟਰਾਂ ਨੂੰ ਹੋ ਰਿਹਾ ਹੈ। ਟਾਈਮ ਟੇਬਲ ਬਣਾਉਣ ਵਿੱਚ ਸਿਆਸੀ ਦਖ਼ਲਅੰਦਾਜ਼ੀ ਵਧ ਗਈ ਹੈ ਅਤੇ ਬਦਲੀਆਂ ਵਿੱਚ ਰਿਸ਼ਵਤਖੋਰੀ ਦਾ ਬੋਲਬਾਲਾ ਹੈ।ਵਿਭਾਗ ਵਿੱਚ ਤਜਰਬੇਕਾਰ ਅਫਸਰਾਂ ਦੀ ਬਜਾਏ ਚਹੇਤਿਆਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਪਾਲਿਸੀ ਨਹੀਂ ਬਣਾਈ ਗਈ। ਰਿਟਾਇਰ ਹੋ ਰਹੇ ਮੁਲਾਜ਼ਮਾਂ ਨੂੰ ਤਰੱਕੀਆਂ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਟ੍ਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਦੇ ਅੜੀਅਲ ਵਤੀਰੇ ਵਿਰੁੱਧ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 30 ਜਨਵਰੀ ਨੂੰ ਲੁਧਿਆਣਾ ਡਿਪੂ, 04 ਫਰਵਰੀ ਅੰਮਿ੍ਰਤਸਰ ਡਿਪੂ, 13 ਫਰਵਰੀ ਪੱਟੀ ਡਿਪੂ, 24 ਫਰਵਰੀ ਰੋਪੜ ਡਿਪੂ ਤੇ 28 ਫਰਵਰੀ ਨੂੰ ਮੁਕਤਸਰ ਡਿਪੂ ਵਿਖੇ ਵਿਸ਼ਾਲ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਧਰਨੇ ਦਿੱਤੇ ਜਾਣਗੇ। ਇਸ ਤੋਂ ਇਲਾਵਾ 07 ਮਾਰਚ ਨੂੰ ਟ੍ਰਾਂਸਪੋਰਟ ਮੰਤਰੀ ਦੇ ਹਲਕੇ ਵਿੱਚ ਇੱਕ ਵੱਡੀ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਬਲਵਿੰਦਰ, ਸੁਰਿੰਦਰ ਬਰਾੜ ਵਿਕਰਮਜੀਤ, ਅੰਗਰੇਜ਼, ਅਜੇ ਕੁਮਾਰ ਮਲਹੋਤਰਾ, ਹਰਬੰਸ ਨਵਦੀਪ, ਹਰੀਸ਼ ਅਤੇ ਜਸਵਿੰਦਰ ਹਾਜਰ ਸਨ।