ਨਸ਼ਾ ਕਾਰੋਬਾਰ ਦੀ ਵੱਡੀ ਮੱਛੀ ਫੜੀ

0
15

ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਪੁਲਸ ਨੇ ਅੰਤਰ-ਰਾਜੀ ਅਤੇ ਸਰਹੱਦ ਪਾਰ ਨਾਰਕੋ-ਅੱਤਵਾਦ ਮਡਿਊਲ ਨੂੰ ਬੇਨਕਾਬ ਕਰਦਿਆਂ ਮੁੱਖ ਫਾਇਨਾਂਸ਼ੀਅਲ ਏਜੰਟ ਨੂੰ ਗਿ੍ਰਫਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ (22) ਵਜੋਂ ਹੋਈ ਹੈ, ਜੋ ਸੰਗਰੂਰ ਜ਼ਿਲ੍ਹੇ ਦੇ ਪੁੰਨਾਂਵਾਲ ਪਿੰਡ ਦਾ ਰਹਿਣ ਵਾਲਾ ਹੈ। ਸਤਨਾਮ, ਜੋ ਇੱਕ ਨਿੱਜੀ ਕੰਪਨੀ ਵਿੱਚ ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ, ਪਿਛਲੇ ਜੂਨ ਵਿੱਚ ਟੂਰਿਸਟ ਵੀਜ਼ੇ ’ਤੇ ਅਜ਼ਰਬਾਇਜਾਨ ਗਿਆ ਸੀ, ਜਿੱਥੇ ਉਹ ਪਾਕਿਸਤਾਨ ਸਥਿਤ ਇੱਕ ਡਰੱਗ ਤਸਕਰ ਦੇ ਸੰਪਰਕ ਵਿੱਚ ਆਇਆ। ਬਿਹਾਰ ਵਿੱਚ ਭਾਰਤ-ਨੇਪਾਲ ਸਰਹੱਦ ਨੇੜੇ ਰਕਸੌਲ ਤੋਂ ਇੱਕ ਮੁੱਖ ਨਾਰਕੋ-ਅੱਤਵਾਦ ਸੰਚਾਲਕ ਰਾਜਬੀਰ ਸਿੰਘ ਉਰਫ ਫੌਜੀ ਦੀ ਗਿ੍ਰਫਤਾਰੀ ’ਤੇ ਉਸ ਤੋਂ ਕੀਤੀ ਪੁੱਛਗਿੱਛ ਦੇ ਅਧਾਰ ’ਤੇ ਉਪਰੋਕਤ ਗਿ੍ਰਫਤਾਰੀ ਸੰਭਵ ਹੋਈ ਹੈ। ਰਾਜਬੀਰ ਉਦੋਂ ਗੁਆਂਢੀ ਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਰਵਰੀ 2025 ਵਿੱਚ ਭਾਰਤੀ ਫੌਜ ਛੱਡ ਕੇ ਭੱਜਣ ਵਾਲੇ ਰਾਜਬੀਰ ਨੇ ਚਿਰਾਗ ਨੂੰ ਹੈਰੋਇਨ ਸਪਲਾਈ ਕੀਤੀ, ਜਿਸ ਨੂੰ 107 ਗ੍ਰਾਮ ਹੈਰੋਇਨ ਅਤੇ ਇੱਕ 9 ਐੱਮ ਐੱਮ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਨਾਲ ਗਿ੍ਰਫਤਾਰ ਕੀਤਾ ਗਿਆ ਸੀ। ਡੀ ਜੀ ਪੀ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਤਨਾਮ ਨੇ ਪਾਕਿਸਤਾਨ ਸਥਿਤ ਇੱਕ ਡਰੱਗ ਤਸਕਰ ਦੇ ਇਸ਼ਾਰੇ ’ਤੇ ਕੰਮ ਕਰਦੇ ਹੋਏ ਹੈਰੋਇਨ ਦੀ ਤਸਕਰੀ ਦੀ ਕਮਾਈ ਨੂੰ ਰੂਟ ਕਰਨ ਲਈ ਆਪਣੇ ਬੈਂਕ ਖਾਤੇ ਅਤੇ ਯੂ ਪੀ ਆਈ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਅੱਤਵਾਦ ਦੀ ਪੁਸ਼ਤਪਨਾਹੀ ਵਿੱਚ ਸਹਾਇਤਾ ਕੀਤੀ। ਇਹ ਨੈੱਟਵਰਕ ਹੈਰੋਇਨ ਦੀ ਵੱਡੀ ਬਰਾਮਦਗੀ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਨਵੰਬਰ 2025 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਏ ਗ੍ਰਨੇਡ ਹਮਲੇ ਨਾਲ ਜੁੜਿਆ ਹੋਇਆ ਹੈ। ਸਪੈਸ਼ਲ ਅਪ੍ਰੇਸ਼ਨ ਸੈੱਲ ਦੇ ਸਹਾਇਕ ਇੰਸਪੈਕਟਰ ਜਨਰਲ ਦੀਪਕ ਪਾਰਿਕ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਰਾਜਬੀਰ ਨੇ ਦੱਸਿਆ ਕਿ ਪਿਛਲੇ ਸਤੰਬਰ ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ, ਪਾਕਿਸਤਾਨ ਸਥਿਤ ਤਸਕਰ ਨੇ ਡਰੱਗ ਨੈੱਟਵਰਕ ਲਈ ਕੰਮ ਕਰਨ ਲਈ ਉਸ ਨਾਲ ਮੁੜ ਸੰਪਰਕ ਕੀਤਾ। ਉਸ ਨੂੰ ਵਿੱਤੀ ਲੈਣ-ਦੇਣ ਦੀ ਸਹੂਲਤ ਲਈ ਕਮਿਸ਼ਨ ਦੀ ਪੇਸ਼ਕਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਡਰੱਗ ਦਾ ਪੈਸਾ ਸਤਨਾਮ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਨੈੱਟਵਰਕ ਦੇ ਹੋਰ ਮੈਂਬਰਾਂ ਨੂੰ ਭੇਜ ਦਿੱਤਾ ਗਿਆ। ਪਾਰਿਕ ਨੇ ਕਿਹਾ ਕਿ ਰਾਜਬੀਰ ਨੇ ਸਤਨਾਮ ਦੇ ਖਾਤੇ ਵਿੱਚ ਫੰਡ ਟਰਾਂਸਫਰ ਕਰਨ ਲਈ ਤਰਨ ਤਾਰਨ ਸਥਿਤ ਗੁਰਜੰਟ ਸਿੰਘ ਦੇ ਖਾਤੇ ਦੀ ਵਰਤੋਂ ਕੀਤੀ। ਗੁਰਜੰਟ ਨੂੰ ਹਰਿਆਣਾ ਪੁਲਸ ਨੇ ਗਿ੍ਰਫਤਾਰ ਕਰ ਲਿਆ ਹੈ।