ਹੁਸ਼ਿਆਰਪੁਰ : ਸਲੇਰਾਨ ਡੈਮ ਵਿਖੇ ਵਾਤਾਵਰਣ ਅਨੁਕੂਲ ਹਟਸ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਕਿਹਾ ਕਿ ਇਸ ਨਾਲ ਸੂਬੇ ਵਿੱਚ ਈਕੋ-ਟੂਰਿਜ਼ਮ ਅਤੇ ਰੁਜ਼ਗਾਰ ਦੇ ਮੌਕੇ ਸਿਰਜਣ ਲਈ ਵੱਡਾ ਹੁਲਾਰਾ ਮਿਲੇਗਾ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ, ਪਟਿਆਲਾ ਅਤੇ ਚਮਰੌੜ ਝੀਲ ’ਤੇ ਫਿਲਮਾਂ ਦੀ ਸ਼ੂਟਿੰਗ ਅਤੇ ਡੈਸਟੀਨੇਸ਼ਨ ਵੈਡਿੰਗ ਨਾਲ ਵੀ ਰੁਜ਼ਗਾਰ ਦੇ ਮੌਕੇ ਵਧੇ ਹਨ। ਉਨ੍ਹਾਂ ਕਿਹਾ ਕਿ ਸਲੇਰਾਨ ਡੈਮ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨਾਂ ਨੂੰ ਟੱਕਰ ਦੇਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਖੰਡਰਾਂ ਦਾ ਰੂਪ ਧਾਰ ਚੁੱਕੇ 52 ਰੈਸਟ ਹਾਊਸਾਂ ਨੂੰ ਮੁੜ ਸੁਰਜੀਤ ਕੀਤਾ ਹੈ, ਜਿਨ੍ਹਾਂ ਤੋਂ ਹੁਣ ਕਿਰਾਏ ਰਾਹੀਂ ਇਕ ਕਰੋੜ ਰੁਪਏ ਦਾ ਮਹੀਨਾਵਾਰ ਮਾਲੀਆ ਪੈਦਾ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚੀਆਂ ਸਨ, ਜਦਕਿ ਉਨ੍ਹਾਂ ਦੀ ਸਰਕਾਰ ਨੇ ਕਾਰਵਾਈ ਕਰਦਿਆਂ ਉਹੀ ਜਾਇਦਾਦਾਂ ਨੂੰ ਵਾਪਸ ਹਾਸਲ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਅੱਜ ਅਸੀਂ ਸੂਬੇ ਵਿੱਚ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਦੇਣ ਲਈ ਸਲੇਰਾਨ ਡੈਮ ਈਕੋ-ਟੂਰਿਜ਼ਮ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਚੌਹਾਲ ਡੈਮ ਪ੍ਰੋਜੈਕਟ ਸਫ਼ਲਤਾਪੂਰਵਕ ਚੱਲ ਰਿਹਾ ਹੈ ਅਤੇ ਇਹ ਨਵੀਂ ਪਹਿਲ ਸੈਲਾਨੀਆਂ ਦੇ ਘੁੰਮਣ-ਫਿਰਨ ਲਈ ਇੱਕ ਹੋਰ ਆਕਰਸ਼ਕ ਸਥਾਨ ਉਪਲੱਬਧ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਲਈ 16,000 ਵਰਗ ਫੁੱਟ ਵਿੱਚ ਫੈਲਿਆ ਵਿਸ਼ੇਸ਼ ਖੇਡ ਮੈਦਾਨ ਬਣਾਇਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸੈਲਾਨੀਆਂ ਦੇ ਰਹਿਣ ਲਈ ਚਾਰ ਈਕੋ ਹੱਟਸ ਅਤੇ 80 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਕੈਫੇਟੇਰੀਆ ਵੀ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਲੇਰਾਨ ਡੈਮ ਦੇ ਸੁੰਦਰ ਦਿ੍ਰਸ਼ਾਂ ਦਾ ਆਨੰਦ ਲੈਣ ਲਈ ਇੱਕ ਵੱਡਾ ਐਂਫੀਥੀਏਟਰ ਵੀ ਤਿਆਰ ਕੀਤਾ ਗਿਆ ਹੈ।




