ਚੰਡੀਗੜ੍ਹ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਪੰਜ ਦਿਨਾਂ ਦੇ ਕੰਮਕਾਜੀ ਹਫਤੇ ਨੂੰ ਤੁਰੰਤ ਲਾਗੂ ਕਰਨ ਲਈ ਦਬਾਅ ਪਾਉਣ ਵਾਸਤੇ ਮੰਗਲਵਾਰ ਕੀਤੀ ਗਈ ਦੇਸ਼ਵਿਆਪੀ ਹੜਤਾਲ ਕਾਰਨ ਜਨਤਕ ਖੇਤਰ ਦੇ ਬੈਂਕਾਂ ਦਾ ਕੰਮਕਾਜ ਪ੍ਰਭਾਵਤ ਹੋਇਆ। ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਸਣੇ ਦੇਸ਼ ਦੀਆਂ ਨੌਂ ਬੈਂਕ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਕਨਫੈਡਰੇਸ਼ਨ ਦੇ ਸੀਨੀਅਰ ਆਗੂ ਰਾਜੀਵ ਸਰਹੰਦੀ ਨੇ ਕਿਹਾ ਕਿ 23 ਜਨਵਰੀ ਨੂੰ ਮੁੱਖ ਕਿਰਤ ਕਮਿਸ਼ਨਰ ਨਾਲ ਮੀਟਿੰਗ ਬੇਨਤੀਜਾ ਰਹਿਣ ਕਾਰਨ ਹੜਤਾਲ ਕੀਤੀ ਗਈ। ਬੈਂਕਿੰਗ ਖੇਤਰ ਨਾਲ ਸੰਬੰਧਤ 8 ਲੱਖ ਕਾਮੇ ਹੜਤਾਲ ’ਤੇ ਰਹੇ।




