ਬਾਬਾ ਬੁੱਲ੍ਹੇ ਸ਼ਾਹ ਦੀ ਵਿਰਾਸਤੀ ਮਜ਼ਾਰ ਤੋੜੇ ਜਾਣ ਖ਼ਿਲਾਫ਼ ਵਿਚਾਰ-ਚਰਚਾ ਭਲਕੇ

0
8

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫੋਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਡੇ ਮਹਿਬੂਬ ਪੰਜਾਬੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਵਿਰਾਸਤੀ ਮਜ਼ਾਰ ਤੋੜੇ ਜਾਣ ਖ਼ਿਲਾਫ਼ ਦੇਸ਼-ਵਿਦੇਸ਼ ਵਸਦੇ ਲੋਕਾਂ ਖ਼ਾਸ ਕਰਕੇ ਸਮੂਹ ਪੰਜਾਬੀਆਂ ਵੱਲੋਂ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਵਿੱਚ ਠੀਕ ਪੌਣੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਵਿਚਾਰ ਚਰਚਾ ਕੀਤੀ ਜਾਏਗੀ। ਇਸ ਵਿਚਾਰ ਚਰਚਾ ਦੇ ਮੁੱਖ ਵਕਤਾ ਡਾ. ਸਵਰਾਜਬੀਰ ਹੋਣਗੇ। ਉਸ ਉਪਰੰਤ ਇਸ ਵਿਚਾਰ ਚਰਚਾ ’ਚ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਵਰਿਆਮ ਸਿੰਘ ਸੰਧੂ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਅਜਮੇਰ ਸਿੰਘ, ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਭਾਗ ਲੈਣਗੇ। ਕਮੇਟੀ ਨੇ ਪੰਜਾਬ ਭਰ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਹਰ ਹਾਲ ਇਸ ਘਟਨਾ ਦੀ ਗੰਭੀਰਤਾ ਨੂੰ ਸਮਝਦੇ ਹੋਏ ਵਿਸ਼ੇਸ਼ ਤੌਰ ’ਤੇ ਹਰ ਹਾਲਤ ਕਾਫ਼ਲੇ ਬੰਨ੍ਹ ਕੇ ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਲਈ ਸ਼ਾਮਲ ਹੋਣ ਤਾਂ ਜੋ ਫਿਰਕੂ ਫਾਸ਼ੀਵਾਦ ਦੀ ਆਪਣੇ ਸਿਰਾਂ ’ਤੇ ਸ਼ੂਕਦੀ ਖਤਰਨਾਕ ਹਨੇਰੀ ਨੂੰ ਅੱਗੇ ਹੋ ਕੇ ਡੱਕਿਆ ਜਾ ਸਕੇ, ਨਹੀਂ ਤਾਂ ਭਵਿੱਖ ਵਿੱਚ ਇਸ ਦੇ ਬਹੁਤ ਹੀ ਗੰਭੀਰ ਨਤੀਜੇ ਸਾਹਮਣੇ ਆਉਣਗੇ। ਇਸ ਲਈ ਕਮੇਟੀ ਨੇ ਸਮੂਹ ਲੋਕ ਪੱਖੀ ਸਾਹਿਤਕ ਤਰਕਸ਼ੀਲ ਜਮਹੂਰੀ ਸੱਭਿਆਚਾਰਕ ਅਤੇ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ, ਮਿਹਨਤਕਸ਼ ਲੋਕਾਂ ਖਾਸ ਕਰਕੇ ਔਰਤ ਜਥੇਬੰਦੀਆਂ ਸਭਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁੰਮ-ਹੁਮਾ ਕੇ 30 ਜਨਵਰੀ ਨੂੰ 10:45 ਵਜੇ ਚਾਹ-ਪਾਣੀ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪਹੁੰਚਣ ਦੀ ਖੇਚਲ ਕਰਨ।