ਐਮਾਜ਼ੋਨ ਵੱਲੋਂ 16 ਹਜ਼ਾਰ ਮੁਲਾਜ਼ਮ ਛਾਂਟੀ ਕਰਨ ਦਾ ਫੈਸਲਾ

0
10

ਨਿਊ ਯਾਰਕ : ਦੁਨੀਆ ਦੀ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੇ ਖਰਚਿਆਂ ਵਿੱਚ ਕਟੌਤੀ ਕਰਨ ਲਈ ਲਗਪਗ 16,000 ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਇਹ 2023 ਤੋਂ ਬਾਅਦ ਐਮਾਜ਼ੋਨ ਦੀ ਸਭ ਤੋਂ ਵੱਡੀ ਛਾਂਟੀ ਹੈ। ਕੰਪਨੀ ਨੇ ਦੱਸਿਆ ਕਿ ਪ੍ਰਭਾਵਤ ਮੁਲਾਜ਼ਮਾਂ ਨੂੰ ਨਵੀਂ ਭੂਮਿਕਾ ਲੱਭਣ ਲਈ 90 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ ਅਤੇ ਅਸਫਲ ਰਹਿਣ ਵਾਲਿਆਂ ਨੂੰ ਸੇਵਰੈਂਸ ਪੇਅ ਅਤੇ ਸਿਹਤ ਬੀਮਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਕੰਪਨੀ ਨੇ 14,000 ਕਰਮਚਾਰੀ ਕੱਢੇ ਸਨ। ਮਾਹਰਾਂ ਅਨੁਸਾਰ ਕੋਵਿਡ ਮਹਾਂਮਾਰੀ ਦੌਰਾਨ ਐਮਾਜ਼ੋਨ ਨੇ ਆਨਲਾਈਨ ਖਰੀਦਦਾਰੀ ਵਧਣ ਕਾਰਨ ਆਪਣੀ ਵਰਕਫੋਰਸ ਦੁੱਗਣੀ ਕਰ ਲਈ ਸੀ, ਪਰ ਹੁਣ ਬਦਲਦੇ ਆਰਥਕ ਹਾਲਾਤ ਕਾਰਨ ਕੰਪਨੀ ਨੂੰ ਇਹ ਸਖਤ ਕਦਮ ਚੁੱਕਣੇ ਪੈ ਰਹੇ ਹਨ। ਅਮਰੀਕਾ ਵਿੱਚ ਵਧਦੀ ਮਹਿੰਗਾਈ, ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਵੀਂਆਂ ਟੈਰਿਫ ਨੀਤੀਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਵਧਦੇ ਪ੍ਰਭਾਵ ਕਾਰਨ ਕਈ ਵੱਡੀਆਂ ਕੰਪਨੀਆਂ ਹੁਣ ਨਵੀਂ ਭਰਤੀ ਤੋਂ ਗੁਰੇਜ਼ ਕਰ ਰਹੀਆਂ ਹਨ। ਦਸੰਬਰ ਮਹੀਨੇ ਵਿੱਚ ਅਮਰੀਕਾ ਵਿੱਚ ਸਿਰਫ 50,000 ਨਵੀਂਆਂ ਨੌਕਰੀਆਂ ਹੀ ਪੈਦਾ ਹੋਈਆਂ ਹਨ, ਜੋ ਕਿ ਬਾਜ਼ਾਰ ਵਿੱਚ ਛਾਈ ਸੁਸਤੀ ਦਾ ਵੱਡਾ ਸੰਕੇਤ ਹੈ।