ਨਵੀਂ ਦਿੱਲੀ : ਆਦਮੀ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਾਘਵ ਚੱਢਾ ਨੇ ਕਿਹਾ ਹੈ ਕਿ ਉਨ੍ਹਾ ਕੋਲ ਪੰਜਾਬ ਵਿਚ ਭਾਜਪਾ ਵੱਲੋਂ ਵਿਧਾਇਕਾਂ ਤੋਂ ਪਾਲਾ ਬਦਲਾਉਣ ਲਈ ਚਲਾਏ ਗਏ ਅਪ੍ਰੇਸ਼ਨ ਲੋਟਸ ਦੇ ਆਡੀਓ ਤੇ ਵੀਡੀਓ ਸਬੂਤ ਹਨ | ਉਨ੍ਹਾ ਐੱਨ ਡੀ ਟੀ ਵੀ ਨੂੰ ਦੱਸਿਆ—ਸਾਡੇ ਕੋਲ ਭਾਜਪਾ ਵੱਲੋਂ ਆਪ ਵਿਧਾਇਕਾਂ ਨੂੰ ਧਨ ਪੇਸ਼ ਕਰਨ ਦੇ ਆਡੀਓ ਤੇ ਵੀਡੀਓ ਸਬੂਤ ਹਨ ਤੇ ਇਹ ਪੰਜਾਬ ਦੇ ਡੀ ਜੀ ਪੀ ਨੂੰ ਪੇਸ਼ ਕੀਤੇ ਜਾ ਚੁੱਕੇ ਹਨ | ਐੱਫ ਆਈ ਆਰ ਵੀ ਕਰਵਾ ਦਿੱਤੀ ਹੈ | ਅਸੀਂ ਸਬੂਤ ਛੇਤੀ ਜਾਰੀ ਕਰਾਂਗੇ | ਆਪ ਵੱਲੋਂ ਅਪ੍ਰੇਸ਼ਨ ਲੋਟਸ ਦੇ ਦਾਅਵਿਆਂ ਕਾਰਨ ਉਸ ਦੀ ਗਵਰਨਰ ਨਾਲ ਖੜਕ ਪਈ ਹੈ | ਗਵਰਨਰ ਨੇ ਮਾਨ ਸਰਕਾਰ ਵੱਲੋਂ ਭਰੋਸੇ ਦਾ ਮਤਾ ਪੇਸ਼ ਕਰਨ ਲਈ 22 ਸਤੰਬਰ ਨੂੰ ਸੱਦਿਆ ਅਸੰਬਲੀ ਦਾ ਵਿਸ਼ੇਸ਼ ਅਜਲਾਸ 21 ਸਤੰਬਰ ਨੂੰ ਐਨ ਆਖਰੀ ਮੌਕੇ ਰੱਦ ਕਰ ਦਿੱਤਾ | ਚੱਢਾ ਨੇ ਕਿਹਾ—ਗਵਰਨਰ ਹੈੱਡਮਾਸਟਰ ਨਹੀਂ ਤੇ ਉਹ ਹੁਕਮ ਨਹੀਂ ਕਰ ਸਕਦਾ ਕਿ ਅਸੰਬਲੀ ਵਿਚ ਕੀ ਲਿਆਂਦਾ ਜਾ ਸਕਦਾ ਹੈ ਤੇ ਕੀ ਨਹੀਂ ਲਿਆਂਦਾ ਜਾ ਸਕਦਾ |