11.5 C
Jalandhar
Tuesday, December 24, 2024
spot_img

ਇਸ ਮਾਹੌਲ ‘ਚ ਚੁੱਪ ਬੈਠੇ ਰਹਿਣਾ ਜੁਰਮ ਹੋਵੇਗਾ

ਲਖਨਊ : ਲਖਨਊ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਰੂਪ ਰੇਖਾ ਵਰਮਾ (79) ਪੱਤਰਕਾਰ ਸਿੱਦੀਕ ਕੱਪਨ ਨੂੰ ਨਹੀਂ ਜਾਣਦੀ, ਪਰ ਉਸ ਨੇ ਉਸ ਦੀ ਰਿਹਾਈ ਲਈ ਮੰਗਲਵਾਰ ਸ਼ਾਮ ਸਥਾਨਕ ਕੋਰਟ ਵਿਚ ਜ਼ਮਾਨਤੀ ਬਾਂਡ ਵਜੋਂ ਆਪਣੀ ਕਾਰ ਦੇ ਕਾਗਜ਼ ਦਾਖਲ ਕਰਾਏ | ਉਸ ਨੇ ਕਿਹਾ-ਮੇਰੀ ਜ਼ਮੀਰ ਨੇ ਕਿਹਾ ਕਿ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਉਸ ਦਾ ਜੇਲ੍ਹ ਵਿੱਚੋਂ ਬਾਹਰ ਆਉਣਾ ਜ਼ਰੂਰੀ ਹੈ |
ਦਿੱਲੀ ਵਿਚ ਕੰਮ ਕਰਦੇ ਕੇਰਲਾ ਦੇ ਪੱਤਰਕਾਰ ਕੱਪਨ ਨੂੰ 5 ਅਕਤੂਬਰ 2020 ਵਿਚ ਗਿ੍ਫਤਾਰ ਕਰ ਲਿਆ ਗਿਆ ਸੀ, ਜਦੋਂ ਉਹ ਇਕ ਦਲਿਤ ਨਾਬਾਲਗ ਕੁੜੀ ਦੇ ਗੈਂਗ ਰੇਪ ਤੇ ਕਤਲ ਦੀ ਰਿਪੋਰਟ ਤਿਆਰ ਕਰਨ ਲਈ ਯੂ ਪੀ ਦੇ ਹਾਥਰਸ ਜਾ ਰਿਹਾ ਸੀ | ਸੁਪਰੀਮ ਕੋਰਟ ਨੇ 10 ਸਤੰਬਰ ਨੂੰ ਉਸ ਨੂੰ ਇਹ ਕਹਿੰਦਿਆਂ ਜ਼ਮਾਨਤ ਦੇ ਦਿੱਤੀ ਸੀ ਕਿ ਨਾਗਰਿਕ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਹਾਸਲ ਹੈ | ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਰਿਹਾਈ ਲਈ ਕੱਪਨ ਨੂੰ ਤਿੰਨ ਦਿਨਾਂ ਵਿਚ ਟਰਾਇਲ ਕੋਰਟ ਅੱਗੇ ਪੇਸ਼ ਕੀਤਾ ਜਾਵੇ | ਟਰਾਇਲ ਕੋਰਟ ਹੀ ਉਸ ਦੀ ਰਿਹਾਈ ਦੀਆਂ ਸ਼ਰਤਾਂ ਤੈਅ ਕਰੇਗੀ | ਲਖਨਊ ਦੀ ਟਰਾਇਲ ਕੋਰਟ ਨੇ 12 ਸਤੰਬਰ ਨੂੰ ਕਿਹਾ ਕਿ ਯੂ ਪੀ ਦੇ ਦੋ ਨਿਵਾਸੀ ਇੱਕ-ਇੱਕ ਲੱਖ ਰੁਪਏ ਦੀ ਗਰੰਟੀ ਦੇਣ ਅਤੇ ਏਨੀ ਹੀ ਰਕਮ ਦਾ ਕੱਪਨ ਨਿੱਜੀ ਮੁਚੱਲਕਾ ਭਰੇ | ਯੋਗੀ ਆਦਿੱਤਿਆ ਨਾਥ ਦੇ ਰਾਜ ਵਿਚ ਜ਼ਮਾਨਤੀਆਂ ਦੇ ਅੱਗੇ ਆਉਣ ਦੀ ਉਡੀਕ ਮੰਗਲਵਾਰ ਨੂੰ ਖਤਮ ਹੋਈ | ਵਰਮਾ ਨੇ ਕਿਹਾ-ਕੇਰਲਾ ਦੇ ਇਕ ਦੋਸਤ ਨੇ ਫੋਨ ਕਰਕੇ ਬੇਨਤੀ ਕੀਤੀ ਕਿ ਦੋ ਜ਼ਮਾਨਤੀਆਂ ਦੇ ਪ੍ਰਬੰਧ ਕਰ ਦਿਓ | ਪਰ ਮੈਂ ਕਿਸੇ ਨੂੰ ਜਾਣਦੀ ਨਹੀਂ ਸੀ ਤੇ ਮੈਂ ਆਪਣੀ ਸੀਲੇਰੀਓ ਕਾਰ ਦੇ ਕਾਗਜ਼ ਜਮ੍ਹਾਂ ਕਰਾ ਦਿੱਤੇ, ਜਿਹੜੀ ਚਾਰ ਲੱਖ ਰੁਪਏ ਤੋਂ ਵੱਧ ਦੀ ਹੈ | ਬਾਅਦ ਵਿਚ ਮੈਂ ਸੁਣਿਆ ਕਿ ਲਖਨਊ ਦਾ ਇਕ ਹੋਰ ਵਿਅਕਤੀ ਵੀ ਜ਼ਮਾਨਤ ਦੇਣ ਲਈ ਰਾਜ਼ੀ ਹੋ ਗਿਆ ਹੈ, ਪਰ ਪਤਾ ਨਹੀਂ ਉਹ ਕੌਣ ਹੈ | ਇਕ ਗੱਲ ਮੈਨੂੰ ਸਾਫ ਸੀ ਕਿ ਉਹ ਹਕੂਮਤੀ ਜਬਰ ਦੇ ਦੌਰ ਵਿਚ ਹਾਥਰਸ ਦੇ ਪਿੰਡ ਵਿਚ ਵਾਪਰੀ ਬਰਬਰੀਅਤ-ਭਰੀ ਘਟਨਾ ਦੀ ਰਿਪੋਰਟਿੰਗ ਕਰਨ ਜਾ ਰਿਹਾ ਸੀ | ਲਖਨਊ ਯੂਨੀਵਰਸਿਟੀ ਵਿਚ ਤਿੰਨ ਦਹਾਕਿਆਂ ਤੋਂ ਵੱਧ ਫਿਲਾਸਫੀ ਪੜ੍ਹਾਉਣ ਵਾਲੀ ਤੇ 1998 ਤੋਂ 1999 ਤਕ ਵਾਈਸ ਚਾਂਸਲਰ ਰਹੀ ਸਮਾਜੀ ਕਾਰਕੁੰਨ ਵਰਮਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਨਾਗਰਿਕ ਵਾਲਾ ਫਰਜ਼ ਨਿਭਾਇਆ ਹੈ ਤੇ ਕੁਝ ਖਾਸ ਨਹੀਂ ਕੀਤਾ | ਵਰਮਾ ਨੇ ਅੱਗੇ ਕਿਹਾ-ਪਿਛਲੇ ਅੱਠ ਸਾਲਾਂ ਵਿਚ ਅਸੀਂ ਦੇਸ਼ ਵਿਚ ਵੰਡਵਾਦੀ ਰੁਝਾਨ ਦੇਖੇ ਹਨ, ਜਦਕਿ ਅਸਲ ਮਸਲਿਆਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ | ਮਨੁੱਖੀ ਹੱਕਾਂ, ਰੁਜ਼ਗਾਰ ਤੇ ਆਰਥਿਕ ਭਲਾਈ ਦੇ ਖੇਤਰ ਵਿਚ ਤੇਜ਼ੀ ਨਾਲ ਨਿਘਾਰ ਆ ਰਿਹਾ ਹੈ | ਧਾਰਮਿਕ ਵਿਤਕਰਾ ਅਤੇ ਮਹਿਲਾਵਾਂ ਵਿਰੁੱਧ ਘਿਨਾਉਣੇ ਜੁਰਮ ਵਧ ਰਹੇ ਹਨ | ਗਰੀਬੀ ਵਧ ਰਹੀ ਹੈ | ਇਸ ਮਾਹੌਲ ਵਿਚ ਚੁੱਪ ਬੈਠੇ ਰਹਿਣਾ ਜੁਰਮ ਹੋਵੇਗਾ | ਇਕੱਲੀ ਰਹਿੰਦੀ ਵਰਮਾ ਨੂੰ ਰੋਜ਼ਾਨਾ ਲਖਨਊ ਦੀ ਮੇਨ ਮਾਰਕਿਟ ਹਜ਼ਰਤਗੰਜ ਤੇ ਇਸ ਦੇ ਗੁਆਂਢ ਵਿਚ ਇਸਤਰੀਆਂ-ਪੁਰਸ਼ਾਂ ਦੀ ਬਰਾਬਰੀ ਦੇ ਪੈਂਫਲੈਟ ਵੰਡਦੇ ਦੇਖਿਆ ਜਾ ਸਕਦਾ ਹੈ | ਹਾਲਾਂਕਿ ਕੱਪਨ ਲਈ ਜ਼ਮਾਨਤਾਂ ਦੇ ਦਿੱਤੀਆਂ ਗਈਆਂ ਹਨ, ਪਰ ਉਹ ਈ ਡੀ ਵੱਲੋਂ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਜ਼ਮਾਨਤ ਹੋਣ ਤੱਕ ਜੇਲ੍ਹ ਵਿਚ ਹੀ ਰਹੇਗਾ | ਟਵਿੱਟਰ ਯੂਜ਼ਰ ਨਤਾਸ਼ਾ ਰਾਮਾਰਤਨਮ ਨੇ ਵਰਮਾ ਨੂੰ ਹੀਰੋ ਕਰਾਰ ਦਿੱਤਾ ਹੈ | ਨੌਕਰਸ਼ਾਹ ਤੋਂ ਸਮਾਜੀ ਕਾਰਕੁੰਨ ਬਣੇ ਹਰਸ਼ ਮੰਦਰ ਨੇ ਟਵੀਟ ਕੀਤਾ-ਦੇਸ਼ ਰੂਪ ਰੇਖਾ ਵਰਮਾ ਜੀ ਦਾ ਰਿਣੀ ਰਹੇਗਾ | ਉਨ੍ਹਾ ਦੀ ਵਧਦੀ ਉਮਰ ਨੇ ਨਿਆਂ ਤੇ ਸੱਚ ਲਈ ਖੜ੍ਹਨ ਦੇ ਉਨ੍ਹਾ ਦੇ ਹੌਸਲੇ ਤੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਹੈ | ਲਖਨਊ ਯੂਨੀਵਰਸਿਟੀ ਦੇ ਬਹੁਤੇ ਲੋਕ ਵਰਮਾ ਨੂੰ ਮਾਂ ਵਾਲਾ ਰੁਤਬਾ ਦਿੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles