ਕੋਚੀ : ਰਾਹੁਲ ਗਾਂਧੀ ਨੇ ਵੀਰਵਾਰ ਕੋਚੀ ਵਿਚ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰਾਂ ਨੂੰ ਸਪਸ਼ਟ ਸਲਾਹ ਦਿੱਤੀ ਕਿ ਇਕ ਵਿਅਕਤੀ ਇਕ ਅਹੁਦੇ ‘ਤੇ ਹੀ ਰਹਿ ਸਕਦਾ ਹੈ | ਉਨ੍ਹਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਾਂਗਰਸ ਪ੍ਰਧਾਨ ਦੇ ਨਾਲ-ਨਾਲ ਮੁੱਖ ਮੰਤਰੀ ਦਾ ਅਹੁਦਾ ਵੀ ਰੱਖਣ ਦੀ ਇੱਛਾ ਸੰਬੰਧੀ ਕਿਹਾ ਕਿ ਉਦੈਪੁਰ ਸੰਮੇਲਨ ਵਿਚ ਇਕ ਵਿਅਕਤੀ ਇਕ ਅਹੁਦਾ ਰੱਖਣ ਦਾ ਫੈਸਲਾ ਹੋਇਆ ਸੀ ਤੇ ਉਹ ਉਸ ‘ਤੇ ਕਾਇਮ ਹਨ | ਇਸ ਤੋਂ ਪਹਿਲਾਂ ਗਹਿਲੋਤ ਨੇ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਇਨ੍ਹਾਂ ਸ਼ਰਤਾਂ ਤਹਿਤ ਨਹੀਂ ਆਉਂਦਾ | ਦੂਜੇ ਪਾਸੇ ਰਾਹੁਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਅਹੁਦਾ ਜਥੇਬੰਦਕ ਅਹੁਦਾ ਨਹੀਂ ਹੈ, ਬਲਕਿ ਵਿਚਾਰਧਾਰਾ ਹੈ ਤੇ ਇਹ ਅਹੁਦਾ ਇਕ ਵਿਸ਼ਵਾਸ ਪ੍ਰਣਾਲੀ ਹੈ | ਉਧਰ, ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ | ਇਸ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੇ ਮੁਖੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ | ਇਹ ਨੋਟੀਫਿਕੇਸ਼ਨ ਪਾਰਟੀ ਦੇ ਸੀਨੀਅਰ ਆਗੂ ਮਧੂਸੂਦਨ ਮਿਸਤਰੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਅਥਾਰਟੀ ਨੇ ਜਾਰੀ ਕੀਤਾ | ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਤੋਂ 30 ਸਤੰਬਰ ਤੱਕ ਚੱਲੇਗੀ | ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 8 ਅਕਤੂਬਰ ਹੈ | ਇੱਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ‘ਚ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 19 ਅਕਤੂਬਰ ਨੂੰ ਨਤੀਜਾ ਐਲਾਨਿਆ ਜਾਵੇਗਾ | ਰਾਹੁਲ ਦੇ ਚੋਣ ਨਾ ਲੜਨ ਕਾਰਨ ਅਸ਼ੋਕ ਗਹਿਲੋਤ ਤੇ ਸ਼ਸ਼ੀ ਥਰੂਰ ਤੋਂ ਬਾਅਦ ਪ੍ਰਧਾਨਗੀ ਲਈ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ, ਸਾਂਸਦ ਮਨੀਸ਼ ਤਿਵਾੜੀ, ਪਿ੍ਥਵੀ ਰਾਜ ਚਵਾਨ, ਮੁਕੁਲ ਵਾਸਨਿਕ, ਮਲਿਕਾਰਜੁਨ ਖੜਗੇ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਦੇ ਨਾਵਾਂ ਦੀ ਚਰਚਾ ਛਿੜ ਗਈ ਹੈ | ਉਂਜ, ਸੂਤਰਾਂ ਦਾ ਕਹਿਣਾ ਹੈ ਕਿ ਚਵਾਨ ਤੇ ਵਾਸਨਿਕ ਨੇ ਇਸ ਦਾ ਖੰਡਨ ਕੀਤਾ ਹੈ | ਪਾਰਟੀ ਵਿਚ ਜਥੇਬੰਦਕ ਤਬਦੀਲੀਆਂ ਦੀ ਮੰਗ ਕਰਨ ਵਾਲੇ ਜੀ-23 ਗਰੁੱਪ ਦੇ ਕਈ ਮੈਂਬਰਾਂ ਦੇ ਪ੍ਰਧਾਨਗੀ ਲਈ ਚਾਹਵਾਨ ਹੋਣ ਤੋਂ ਸਾਫ ਹੈ ਕਿ ਉਨ੍ਹਾਂ ਵਿਚਾਲੇ ਆਪਣੇ ਸਾਥੀ ਸ਼ਸ਼ੀ ਥਰੂਰ ‘ਤੇ ਸਹਿਮਤੀ ਨਹੀਂ |