ਲੁਧਿਆਣਾ : ਲੁਧਿਆਣਾ ਦੇ ਐਡਵੋਕੇਟ ਪ੍ਰਭਜੋਤ ਸਿੰਘ ਸਚਦੇਵਾ ਨੇ ਨਿਆਂਇਕ ਖੇਤਰ ਵਿੱਚ ਮਿਸਾਲ ਕਾਇਮ ਕੀਤੀ ਹੈ। ਉਨ੍ਹਾ ‘ਪੰਜਾਬ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਅਤੇ ‘ਹਰਿਆਣਾ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਦੋਵਾਂ ਪ੍ਰੀਖਿਆਵਾਂ ਵਿੱਚੋਂ ਪਹਿਲਾ ਰੈਂਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 38 ਸਾਲਾ ਸਚਦੇਵਾ, ਜੋ ਪਿਛਲੇ 14 ਸਾਲਾਂ ਤੋਂ ਲੁਧਿਆਣਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਵਕਾਲਤ ਕਰ ਰਹੇ ਹਨ, ਹੁਣ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਲੁਧਿਆਣਾ ਦੇ ਐੱਸ ਸੀ ਡੀ ਸਰਕਾਰੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਦੇ ਵਿਦਿਆਰਥੀ ਰਹੇ ਪ੍ਰਭਜੋਤ ਨੇ ਆਪਣੀ ਸਫ਼ਲਤਾ ਦਾ ਸਿਹਰਾ ਪ੍ਰਮਾਤਮਾ ਦੀ ਬਖਸ਼ਿਸ਼, ਆਪਣੇ ਪਰਿਵਾਰ ਦੇ ਸਹਿਯੋਗ ਅਤੇ ਆਪਣੇ ਮਰਹੂਮ ਮਾਰਗ-ਦਰਸ਼ਕ ਐਡਵੋਕੇਟ ਮਦਨ ਲਾਲ ਸ਼ਰਮਾ ਨੂੰ ਦਿੱਤਾ ਹੈ।
ਸੁਨੇਤਰਾ ਬਣੀ ਉਪ ਮੁੱਖ ਮੰਤਰੀ
ਮੁੰਬਈ : ਮਹਾਰਾਸ਼ਟਰ ਦੇ ਸਿਆਸੀ ਇਤਿਹਾਸ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜ ਗਿਆ, ਜਦੋਂ 62 ਸਾਲਾ ਸੁਨੇਤਰਾ ਪਵਾਰ ਨੇ ਰਾਜ ਦੇ ਪਹਿਲੇ ਮਹਿਲਾ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੰਬਈ ਵਿਖੇ ਹੋਏ ਸਮਾਗਮ ਦੌਰਾਨ ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾ ਨੂੰ ਸਹੁੰ ਚੁਕਾਈ। ਸੁਨੇਤਰਾ ਪਵਾਰ ਮਰਹੂਮ ਐੱਨ ਸੀ ਪੀ ਮੁਖੀ ਅਜੀਤ ਪਵਾਰ ਦੀ ਪਤਨੀ ਹੈ। 28 ਜਨਵਰੀ ਨੂੰ ਬਾਰਾਮਤੀ ਵਿਖੇ ਹੋਏ ਇੱਕ ਜਹਾਜ਼ ਹਾਦਸੇ ਵਿੱਚ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ ਗਿਆ ਸੀ। ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਉਨ੍ਹਾ ਨੂੰ ਸਰਬਸੰਮਤੀ ਨਾਲ ਆਪਣਾ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ।
ਆਈ ਐੱਸ ਆਈ ਏਜੰਟ 5 ਦਿਨਾ ਰਿਮਾਂਡ ’ਤੇ
ਜੈਪੁਰ : ਰਾਜਸਥਾਨ ਦੀ ਇੱਕ ਅਦਾਲਤ ਨੇ ਸਨਿੱਚਰਵਾਰ ਇੱਕ ਸ਼ੱਕੀ ਪਾਕਿਸਤਾਨੀ ਆਈ ਐੱਸ ਆਈ ਏਜੰਟ ਨੂੰ 4 ਫਰਵਰੀ ਤੱਕ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਿਸ ਨੂੰ ਇੱਕ ਦਿਨ ਪਹਿਲਾਂ ਰਾਜਸਥਾਨ ਇੰਟੈਲੀਜੈਂਸ ਨੇ ਪੋਖਰਨ ਤੋਂ ਗਿ੍ਰਫਤਾਰ ਕੀਤਾ ਸੀ। ਝਾਬਰਾਰਾਮ ਵਜੋਂ ਪਛਾਣੇ ਗਏ ਇਸ ਆਈ ਐੱਸ ਆਈ ਏਜੰਟ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।




