ਲੁਧਿਆਣਾ : ਲੁਧਿਆਣਾ ਦੇ ਮੁੱਲਾਂਪੁਰ ਕਸਬੇ ਵਿੱਚ ਕਾਰ ਸ਼ੋਅ-ਰੂਮ ਦੇ ਬਾਹਰ ਤਾਇਨਾਤ ਪੁਲਸ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮਿ੍ਰਤਕ ਦੀ ਪਹਿਚਾਣ 25 ਸਾਲਾ ਅਨੂਸ ਮਸੀਹ ਵਜੋਂ ਹੋਈ ਹੈ। ਅਨੂਸ ਮਸੀਹ ਨੂੰ ਗਰਦਨ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ‘ਆਰ ਏ ਸੀ ਲਗਜ਼ਰੀ ਕਾਰ’ ਦੇ ਮਾਲਕ ਨੂੰ ਇੱਕ ਗੈਂਗਸਟਰ ਵੱਲੋਂ ਵਸੂਲੀ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਸੁਰੱਖਿਆ ਲਈ ਕੁੱਲ ਚਾਰ ਕਰਮਚਾਰੀ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਦੋ ਸ਼ੋਅ-ਰੂਮ ਅਤੇ ਦੋ ਮਾਲਕ ਦੇ ਨਿਵਾਸ ਸਥਾਨ ’ਤੇ ਡਿਊਟੀ ਕਰ ਰਹੇ ਸਨ। ਘਟਨਾ ਮੌਕੇ ਅਨੂਸ ਮਸੀਹ ਸ਼ੋਅ-ਰੂਮ ਦੇ ਬਾਹਰ ਕਾਰ ਵਿੱਚ ਬੈਠਾ ਸੀ ਤੇ ਉਸ ਨੇ ਆਪਣੇ ਸਾਥੀ ਕਾਂਸਟੇਬਲ ਨੂੰ ਪਾਣੀ ਲਿਆਉਣ ਲਈ ਭੇਜਿਆ। ਉਸ ਦੀ ਗੈਰਹਾਜ਼ਰੀ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਅਨੂਸ ਦੀ ਗਰਦਨ ਵਿੱਚ ਲੱਗੀ। ਵਾਪਸ ਆਉਣ ’ਤੇ ਸਾਥੀ ਨੇ ਉਸ ਨੂੰ ਕਾਰ ਦੀ ਸੀਟ ’ਤੇ ਖੂਨ ਵਿੱਚ ਲੱਥਪੱਥ ਪਾਇਆ। ਡੀ ਐੱਸ ਪੀ ਵਰਿੰਦਰ ਸਿੰਘ ਖੋਸਾ ਮੁਤਾਬਕ ਗੋਲੀ ਮਿ੍ਰਤਕ ਦੀ ਸਰਕਾਰੀ ਏ ਕੇ-47 ਰਾਇਫਲ ਤੋਂ ਅਚਾਨਕ ਚੱਲੀ।




