ਪੰਜਾਬ ਦੀ ਸਿਆਸਤ ’ਤੇ ਚੜ੍ਹਿਆ ਆਈ ਏ ਦਾ ਰੰਗ

0
7

ਚੰਡੀਗੜ੍ਹ : ਪੰਜਾਬ ਦੀ ਸਿਆਸਤ ਹੁਣ ਰਵਾਇਤੀ ਰੈਲੀਆਂ ਅਤੇ ਸਟੇਜੀ ਭਾਸ਼ਣਾਂ ਤੋਂ ਨਿਕਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੀ ‘ਘੰਮਣਘੇਰੀ’ ਵਿੱਚ ਫਸਦੀ ਨਜ਼ਰ ਆ ਰਹੀ ਹੈ। ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਮੁੱਖ ਧਾਰਾ ਦੇ ਗੰਭੀਰ ਮੁੱਦਿਆਂ ’ਤੇ ਡੂੰਘੀ ਚਰਚਾ ਕਰਨ ਦੀ ਬਜਾਏ ਸੋਸ਼ਲ ਮੀਡੀਆ ’ਤੇ ਏ ਆਈ ਰਾਹੀਂ ਬਣਾਈਆਂ ਵੀਡੀਓਜ਼ ਨਾਲ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਲੱਗ ਗਈਆਂ ਹਨ। ਹਾਲ ਹੀ ਵਿੱਚ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਤ ਫੇਸਬੁਕ ਪੇਜ਼ ’ਤੇ ਏ ਆਈ ਰਾਹੀਂ ਤਿਆਰ ਕੀਤਾ ਇੱਕ ਗਾਣਾ ਸਾਂਝਾ ਕੀਤਾ ਹੈ, ਜਿਸ ਵਿੱਚ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਲਾਗੂ ਨਾ ਕੀਤੇ ਜਾਣ ’ਤੇ ਤਨਜ਼ ਕੱਸਿਆ ਗਿਆ ਹੈ। ਇਸ ਤੋਂ ਪਹਿਲਾਂ ‘ਡਾਇਨਾਸੋਰ’ ਵਾਲੇ ਬਿਆਨ ’ਤੇ ਵੀ ਸਿਆਸੀ ਘਮਸਾਨ ਮਚਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸ਼ਾਇਦ ਡਾਇਨਾਸੋਰ ਵਾਪਸ ਆ ਜਾਣ, ਪਰ ਅਕਾਲੀ ਵਾਪਸ ਨਹੀਂ ਆਉਣਗੇ, ਇਸ ਦੇ ਜਵਾਬ ਵਿੱਚ ਅਕਾਲੀ ਦਲ ਨੇ ਏ ਆਈ ਵੀਡੀਓ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਡਾਇਨਾਸੋਰ ’ਤੇ ਸਵਾਰ ਹੋ ਕੇ ਆਉਂਦੇ ਦਿਖਾਇਆ। ਇਸ ਦੇ ਪਲਟਵਾਰ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਐਨੀਮੇਟਡ ਵੀਡੀਓ ਜਾਰੀ ਕੀਤੀ, ਜਿਸ ਵਿੱਚ ਸੁਖਬੀਰ ਬਾਦਲ ਇੱਕ ਛਿਪਕਲੀ ਵਿੱਚ ਹਵਾ ਭਰ ਕੇ ਉਸ ਨੂੰ ਡਾਇਨਾਸੋਰ ਬਣਾਉਂਦੇ ਹਨ ਅਤੇ ਭਗਵੰਤ ਮਾਨ ਉਸ ਦੀ ਪੂਛ ਕੱਟਦੇ ਨਜ਼ਰ ਆਉਂਦੇ ਹਨ। ਸਿਆਸੀ ਜੰਗ ਹੁਣ ਐੱਸ ਵਾਈ ਐੱਲ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੱਕ ਵੀ ਪਹੁੰਚ ਗਈ ਹੈ, ਜਿੱਥੇ ਅਕਾਲੀ ਦਲ ਨੇ ਏ ਆਈ ਵੀਡੀਓ ਰਾਹੀਂ ਸੁਖਬੀਰ ਬਾਦਲ ਨੂੰ ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਪੇਸ਼ ਕੀਤਾ ਹੈ। ਸਿਰਫ਼ ਸੂਬਾਈ ਆਗੂ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਵੀ ਕਈ ਡਿਜੀਟਲ ਅਵਤਾਰ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਉਧਰ ‘ਆਪ’ ਪੰਜਾਬ ਦੇ ਸੋਸ਼ਲ ਮੀਡੀਆ ਪੇਜ਼ ’ਤੇ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਏ ਆਈ ਨਾਲ ਬਣੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ। ਜਿੱਥੇ ਏ ਆਈ ਰਾਹੀਂ ਪਾਰਟੀਆਂ ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਇਸ ਨਾਲ ਅਸਲ ਜਨਤਕ ਮਸਲੇ ਹਾਸ਼ੀਏ ’ਤੇ ਜਾ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ‘ਡਿਜੀਟਲ ਹਵਾ’ ਵੋਟਾਂ ਵਿੱਚ ਬਦਲੇਗੀ ਜਾਂ ਫਿਰ ਸਿਆਸਤ ਸਿਰਫ਼ ਮਨੋਰੰਜਨ ਦਾ ਸਾਧਨ ਬਣ ਕੇ ਰਹਿ ਜਾਵੇਗੀ।