16.2 C
Jalandhar
Monday, December 23, 2024
spot_img

ਮਾਨ ਨੇ 27 ਨੂੰ ਫਿਰ ਅਜਲਾਸ ਸੱਦ ਲਿਆ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ਤੋਂ ਖਫਾ ‘ਆਪ’ ਸਰਕਾਰ ਸੁਪਰੀਮ ਕੋਰਟ ਦਾ ਰੁਖ਼ ਕਰੇਗੀ | ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 27 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿਚ ਬਿਜਲੀ ਤੇ ਪਰਾਲੀ ਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ | ਇਹ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ | ਕੈਬਨਿਟ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ‘ਤੇ ਰੋਸ ਜਤਾਇਆ |
ਇਸ ਤੋਂ ਪਹਿਲਾਂ ਆਪ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਰਾਜ ਭਵਨ ਵੱਲ ਸ਼ਾਂਤੀ ਮਾਰਚ ਕੀਤਾ | ‘ਲੋਕਤੰਤਰ ਦੇ ਕਾਤਲ’ ਅਤੇ ‘ਕਾਂਗਰਸ-ਭਾਜਪਾ ਵੱਲੋਂ ਲੋਕਤੰਤਰ ਦਾ ਕਤਲ’, ‘ਅਪ੍ਰੇਸ਼ਨ ਲੋਟਸ ਬੰਦ ਕਰੋ’ ਵਰਗੇ ਬੈਨਰ ਫੜ ਕੇ ‘ਆਪ’ ਵਿਧਾਇਕਾਂ ਅਤੇ ਵਰਕਰਾਂ ਨੇ ਵਿਰੋਧੀ ਧਿਰ ਖਿਲਾਫ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਅਤੇ ਸੂਬਾ ਸਰਕਾਰ ਦੀ ਤਰੱਕੀ ਰੋਕਣ ਲਈ ਵਿਰੋਧੀ ਧਿਰਾਂ ਪੰਜਾਬ ਵਿੱਚ ‘ਆਪ’ ਖਿਲਾਫ ਕੰਮ ਕਰ ਰਹੀਆਂ ਹਨ | ਵਿਧਾਇਕਾਂ ਨੇ ਰਾਜਪਾਲ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਆਪਣੇ ਪਹਿਲੇ ਹੁਕਮ ਨੂੰ ਵਾਪਸ ਲੈਣ ਦੇ ਫੈਸਲੇ ਨੂੰ ‘ਲੋਕਤੰਤਰ ਦਾ ਮਜ਼ਾਕ ਉਡਾਉਣਾ’ ਕਰਾਰ ਦਿੱਤਾ ਗਿਆ | ‘ਆਪ’ ਵਿਧਾਇਕਾਂ ਦੇ ਰਾਜ ਭਵਨ ਤੱਕ ਸ਼ਾਂਤੀ ਮਾਰਚ ਕਰਨ ਦੇ ਐਲਾਨ ਤੋਂ ਬਾਅਦ ਭਾਜਪਾ ਵਰਕਰ ਪਾਰਟੀ ਹੈਡਕੁਆਰਟਰ ‘ਚ ਇਕੱਠੇ ਹੋਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ | ਭਾਜਪਾ ਵਰਕਰਾਂ ਨੇ ਪੁਲਸ ਰੋਕਾਂ ਤੋੜਨ ਦਾ ਯਤਨ ਕੀਤਾ, ਪਰ ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਮਾਰਚ ਨੂੰ ਰਸਤੇ ਵਿਚ ਹੀ ਰੋਕ ਲਿਆ | ਭਾਜਪਾ ਵਰਕਰਾਂ ਨੇ ਆਪ ਖਿਲਾਫ ਨਾਅਰੇਬਾਜ਼ੀ ਵੀ ਕੀਤੀ | ਭਾਜਪਾ ਵਰਕਰਾਂ ਨੇ ਰਾਜਪਾਲ ਦੇ ਵਿਸ਼ੇਸ਼ ਸੈਸ਼ਨ ਰੱਦ ਕਰਨ ਦੀ ਹਮਾਇਤ ਕੀਤੀ |
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ ਦੀ ਪਹਿਲਾਂ ਮਨਜ਼ੂਰੀ ਦੇ ਕੇ ਬਾਅਦ ਵਿੱਚ ਰੱਦ ਕਰਨ ਦੇ ਰਾਜਪਾਲ ਦੇ ਆਪਹੁਦਰੇ ਤੇ ਜਮਹੂਰੀਅਤ ਵਿਰੋਧੀ ਫੈਸਲੇ ਖ਼ਿਲਾਫ਼ ਸੂਬਾ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰੇਗੀ | ਉਨ੍ਹਾ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ ਅਤੇ ਉਹ ਇਸ ਤਰਕਹੀਣ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣਗੇ | ਉਨ੍ਹਾ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਸੂਬਿਆਂ ਦੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ |
ਭਾਜਪਾ ਦੇ ‘ਅਪਰੇਸ਼ਨ ਲੋਟਸ’ ਦੀ ਹਮਾਇਤ ਕਰਨ ਲਈ ਪੰਜਾਬ ਕਾਂਗਰਸ ਉਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਸ ਗੈਰ-ਜਮਹੂਰੀ ਕਾਰੇ ਦੀ ਸਭ ਤੋਂ ਵੱਡੀ ਪੀੜਤ ਪਾਰਟੀ ਕਾਂਗਰਸ ਇਸ ਮਾਮਲੇ ਵਿੱਚ ਭਗਵਾਂ ਪਾਰਟੀ ਦੇ ਹੱਕ ਵਿੱਚ ਭੁਗਤ ਰਹੀ ਹੈ | ਪੰਜਾਬ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਦੇ ਉਦੇਸ਼ ਵਾਲੇ ਇਸ ਭੈੜੇ ਕਾਰੇ ਲਈ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੇ ਸਾਂਝ-ਭਿਆਲੀ ਪਾ ਲਈ ਹੈ | ਮਾਨ ਨੇ ਆਖਿਆ ਕਿ ਕਾਂਗਰਸ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਹੈ ਅਤੇ ਉਹ ਹੁਣ ਚਾਹੁੰਦੇ ਹਨ ਕਿ ਸੱਤਾ ਸਿਰਫ਼ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਹੀ ਬਣੀ ਰਹਿਣੀ ਚਾਹੀਦੀ ਹੈ | ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਹੀ ਭਿ੍ਸ਼ਟਾਚਾਰ-ਵਿਰੋਧੀ ਮੁਹਿੰਮ ਵਿੱਚੋਂ ਹੋਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਹਰੇਕ ਲੰਘਦੇ ਦਿਨ ਨਾਲ ਮਕਬੂਲੀਅਤ ਦੀਆਂ ਨਵੀਂਆਂ ਹੱਦਾਂ ਛੂਹ ਰਹੀ ਹੈ | ਉਨ੍ਹਾ ਆਖਿਆ ਕਿ ਉਹ ਹਰੇਕ ਗੈਰ-ਜਮਹੂਰੀ ਕਦਮ ਦਾ ਵਿਰੋਧ ਕਰਨਗੇ ਅਤੇ ਦਬਾਅ ਦੇ ਕੋਝੇ ਹਥਕੰਡਿਆਂ ਅੱਗੇ ਨਹੀਂ ਝੁਕਣਗੇ | ਪੰਜਾਬ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੇਗਾ ਕਿ ਲੋਕਤੰਤਰ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਸਗੋਂ ਲੋਕ ਸਭ ਤੋਂ ਉੱਪਰ ਹੁੰਦੇ ਹਨ |

Related Articles

LEAVE A REPLY

Please enter your comment!
Please enter your name here

Latest Articles