ਬਲੋਚਿਸਤਾਨ ’ਚ 145 ਲੜਾਕੇ ਤੇ 17 ਫੌਜੀ ਮਾਰੇ ਗਏ

0
9

ਇਸਲਾਮਾਬਾਦ : ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਈ ਭਾਰੀ ਗੋਲੀਬਾਰੀ ਵਿੱਚ ਘੱਟੋ-ਘੱਟ 17 ਪਾਕਿਸਤਾਨੀ ਫ਼ੌਜੀ ਅਤੇ 145 ਲੜਾਕੇ ਮਾਰੇ ਗਏ ਹਨ। ਸੁਰੱਖਿਆ ਬਲਾਂ ਵੱਲੋਂ ਸਮੁੱਚੇ ਬਲੋਚਿਸਤਾਨ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੁਰੱਖਿਆ ਬਲਾਂ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ, ਇਹ ਅਪਰੇਸ਼ਨ ਉਸ ਸਮੇਂ ਸ਼ੁਰੂ ਕੀਤੇ ਗਏ ਜਦੋਂ ਬਲੋਚ ਨਸਲੀ ਸਮੂਹਾਂ ਨਾਲ ਸਬੰਧਤ ਲੜਾਕਿਆਂ ਨੇ ਸ਼ਨੀਵਾਰ ਨੂੰ ਕਈ ਥਾਵਾਂ ’ਤੇ ਹਮਲੇ ਕੀਤੇ ਸਨ। ਖਾੜਕੂਆਂ ਨੇ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 31 ਲੋਕਾਂ ਦੀ ਜਾਨ ਚਲੀ ਗਈ। ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਮਾਰੇ ਗਏ ਖਾੜਕੂਆਂ ਵਿੱਚ ਤਿੰਨ ਆਤਮਘਾਤੀ ਹਮਲਾਵਰ ਵੀ ਸ਼ਾਮਲ ਸਨ। ਪਾਕਿਸਤਾਨੀ ਫ਼ੌਜ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਜਾਰੀ ਇਸ ਮੁਹਿੰਮ ਵਿੱਚ ਹੁਣ ਤੱਕ ਮਾਰੇ ਗਏ145 ਖਾੜਕੂਆਂ ਵਿੱਚੋਂ 41 ਖਾੜਕੂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸਬੰਧਤ ਹਨ। ਸੁਰੱਖਿਆ ਬਲਾਂ ਨੇ ਰਾਜਧਾਨੀ ਕੁਏਟਾ ਸਣੇ ਦਰਜਨ ਦੇ ਕਰੀਬ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਿਥੇ ਖਾੜਕੂਆਂ ਨੇ ਆਪਣੇ ਅੱਡੇ ਜਮਾਏ ਹੋਏ ਸਨ। ਸੁਰੱਖਿਆ ਬਲਾਂ ਵੱਲੋਂ ਇਹ ਕਾਰਵਾਈ ਖਾੜਕੂਆਂ ਦੁਆਰਾ ਬੈਂਕਾਂ, ਜੇਲ੍ਹਾਂ ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ। ਇਕ ਅਧਿਕਾਰੀ ਨੇ ਦਸਿਆ ਕਿ ਇਸ ਦੌਰਾਨ ਖਾੜਕੂ ਇਕ ਡਿਪਟੀ ਕਮਿਸ਼ਨਰ ਨੂੰ ਅਗਵਾ ਕਰਕੇ ਲੈ ਗਏ ਹਨ। ਬਲੋਚਿਸਤਾਨ ਵਿੱਚ ਮੋਬਾਇਲ ਇੰਟਰ ਨੈੱਟ ਸੇਵਾਵਾਂ ਪਿਛਲੇ 24 ਘੰਟਿਆਂ ਦੇ ਵਧ ਸਮੇਂ ਤੋਂ ਮੁਅੱਤਲ ਹਨ। ਸੜਕੀ ਆਵਾਜਾਈ ਵਿੱਚ ਵੀ ਵਿਘਣ ਪਿਆ ਹੈ ਜਦ ਕਿ ਰੇਲ ਸੇਵਾਵਾਂ ਪੂਰੀ ਤਰਾਂ ਠੱਪ ਹਨ। ਬਲੋਚਿਸਤਾਨ ਦੀਆਂ ਮੁੱਖ ਸੜਕਾਂ ਸੁੰਨਸਾਨ ਹਨ। ਕਾਰੋਬਾਰ ਬੰਦ ਹਨ ਤੇ ਲੋਕ ਘਰਾਂ ਵਿਚ ਹੀ ਰਹਿਣ ਲਈ ਮਜਬੂਰ ਹਨ।