ਕਾਮਰੇਡ ਸੁਰਿੰਦਰ ਢੰਡੀਆਂ ਸੀ ਪੀ ਆਈ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਚੁਣੇ ਗਏ

0
15

ਜਲਾਲਾਬਾਦ (ਜੀਤ ਕੁਮਾਰ/ਜੰਗੀਰ ਕੌਰ/ਰਣਬੀਰ ਕੌਰ/ਬਲਵਿੰਦਰ ਸਿੰਘ)
ਸਥਾਨਕ ਸੁਤੰਤਰ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਜ਼ਿਲ੍ਹਾ ਫਾਜ਼ਿਲਕਾ ਦਾ ਡੈਲੀਗੇਟ ਅਜਲਾਸ ਸਫਲਤਾਪੂਰਵ ਮੁਕੰਮਲ ਹੋਇਆ। ਅਜਲਾਸ ਦੀ ਪ੍ਰਧਾਨਗੀ ਕਾਮਰੇਡ ਸੁਰਿੰਦਰ ਢੰਡੀਆਂ, ਬੀਬੀ ਜੋਗਿੰਦਰ ਕੌਰ ਅਤੇ ਸ਼ੁਬੇਗ ਝੰਗੜਭੈਣੀ ’ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਅਜਲਾਸ ਨੂੰ ਕਰਵਾਉਣ ਲਈ ਬਤੌਰ ਨਿਗਰਾਨ ਅਮਰਜੀਤ ਸਿੰਘ ਆਸਲ ਅਤੇ ਜਗਰੂਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਅਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸੀਨੀਅਰ ਕਾਮਰੇਡ ਵਜ਼ੀਰ ਚੰਦ ਸੱਪਾਂਵਾਲੀ ਵੱਲੋਂ ਪਾਰਟੀ ਦਾ ਝੰਡਾ ਲਹਿਰਾਇਆ ਗਿਆ।ਇਸ ਉਪਰੰਤ ਰਸਮੀ ਤੌਰ ’ਤੇ ਡੈਲੀਗੇਟ ਅਜਲਾਸ ਦੀ ਸ਼ੁਰੂਆਤ ਕਰਦਿਆਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਡੈਲੀਗੇਟ ਅਜਲਾਸ ਦਾ ਉਦਘਾਟਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਮਰਜੀਤ ਸਿੰਘ ਆਸਲ ਨੇ ਕਿਹਾ ਕਿ ਜਦੋਂ ਭਾਰਤੀ ਕਮਿਊੁਨਿਸਟ ਪਾਰਟੀ ਆਪਣੀਆਂ ਸੂਬਾ ਪੱਧਰ ’ਤੇ ਜ਼ਿਲ੍ਹੇ ਦੀਆਂ ਕਾਨਫਰੰਸਾਂ ਕਰ ਰਹੀ ਹੈ, ਉਸ ਸਮੇਂ ਦਰਮਿਆਨ ਸਥਾਨਕ ਪੱਧਰ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਵੱਡੇ ਪੱਧਰ ’ਤੇ ਤਬਦੀਲੀਆਂ ਵਾਪਰ ਰਹੀਆਂ ਹਨ।ਖਾਸ ਤੌਰ ’ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹੁੰਚਾਏ ਜਾ ਰਹੇ ਹਨ ਅਤੇ ਆਮ ਕਿਰਤੀਆਂ ਖ਼ਿਲਾਫ਼ ਸਰਮਾਏਦਾਰ ਵੱਲੋਂ ਤਾਕਤਾਂ ਵੱਲੋਂ ਵੱਡੇ ਪੱਧਰ ’ਤੇ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾ ਰਹੇ ਹਨ।ਆਮ ਅਤੇ ਮੱਧ ਵਰਗ ਆਰਥਿਕ ਤੌਰ ’ਤੇ ਨਪੀੜਿਆ ਜਾ ਰਿਹਾ ਹੈ।ਇਸ ਦਾ ਟਾਕਰਾ ਕਰਨ ਅਤੇ ਕਮਿਊਨਿਸਟ ਪਾਰਟੀਆਂ ਦਾ ਰਾਜ ਕਾਇਮ ਕਰਨ ਲਈ ਸਾਨੂੰ ਸੁਚੇਤ ਤੌਰ ’ਤੇ ਤਿਆਰ ਹੋ ਕੇ ਲੋਕਾਂ ਨੂੰ ਚੇਤਨ ਕਰਨਾ ਹੋਵੇਗਾ।ਇਸ ਮੌਕੇ ਜਗਰੂਪ ਸਿੰਘ ਨੇ ਕਿਹਾ ਕਿ ਦੁਨੀਆ ਭਰ ਦਾ ਵਿੱਤੀ ਸਰਮਾਇਆ ਦੁਨੀਆ ਦੇ ਉਜਰਤੀ ਕਾਮਿਆਂ ਨੂੰ ਬਾਹਰ ਕੱਢ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਰਿਹਾ ਹੈ। ਉਚ ਤਕਨੀਕ ਨੂੰ ਉਜਰਤੀ ਕਾਮਿਆਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ, ਜਦੋਂ ਕਿ ਉਚ ਤਕਨੀਕ ਭਾਵ ਅੱਜ ਦੇ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ ਆਈ) ਸਮਾਜਿਕ ਭਲੇ ਲਈ ਸਭ ਮਨੁੱਖਾਂ ਦੇ ਫਾਇਦੇ ਲਈ ਵਰਤੀ ਜਾਣੀ ਚਾਹੀਦੀ ਸੀ, ਪ੍ਰੰਤੂ ਇੱਥੇ ਸਰਮਾਏਦਾਰੀ ਧਿਰ ਏ ਆਈ ਨੂੰ ਵੀ ਆਪਣੇ ਫਾਇਦੇ ਲਈ ਅਤੇ ਸਮੁੱਚੀ ਮਨੁੱਖਤਾ ਖ਼ਿਲਾਫ਼ ਵਰਤ ਰਹੀ ਹੈ। ਦੁਨੀਆ ਭਰ ਵਿੱਚ ਵਧ ਰਹੀ ਬੇਰੁਜ਼ਗਾਰ ਦੀ ਤਰ੍ਹਾਂ ਹੀ ਭਾਰਤ ਵਿੱਚ ਵੀ ਲਗਾਤਾਰ ਬੇਰੁਜ਼ਗਾਰੀ ਵਧਾਈ ਜਾ ਰਹੀ ਹੈ ਅਤੇ ਕਾਮਿਆਂ ਨੂੰ ਕੰਮ ਤੋਂ ਵਿਹਲਾ ਭਾਵ ਜਵਾਬ ਦਿੱਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਦੇਸ਼ ਦੇ ਵਿਦਿਆਰਥੀ ਅਤੇ ਨੌਜਵਾਨ ਸਭ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਬਨੇਗਾ (ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਾਰੰਟੀ ਐਕਟ) ਨੂੰ ਪਾਸ ਕਰਵਾਉਣ ਦੀ ਮੁਹਿੰਮ ਵਿੱਢ ਕੇ ਨੌਜਵਾਨਾਂ ਦੀ ਲਾਮਬੰਦੀ ਕਰ ਰਹੇ ਹਨ, ਜਿਸ ਨੂੰ ਭਵਿੱਖ ਵਿੱਚ ਇੱਕ ਵੱਡੀ ਕਾਮਯਾਬੀ ਮਿਲਣਾ ਤੈਅ ਹੈ।
ਇਸ ਮੌਕੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ ਵੱਲੋਂ ਪਾਰਟੀ ਦੇ ਕੀਤੇ ਕੰਮਾਂ ਦੀ ਤਿੰਨ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ’ਤੇ ਬਹਿਸ ਵਿੱਚ ਵੱਡੀ ਗਿਣਤੀ ’ਚ ਸਾਥੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਵਾਧੇ ਕਰਵਾਏ ਗਏ। ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਜ਼ਿਲ੍ਹਾ ਫਾਜ਼ਲਕਾ ਦੀ 31 ਮੈਂਬਰੀ ਨਵੀਂ ਜ਼ਿਲਾ ਕੌਂਸਲ ਚੁਣੀ ਗਈ। ਇਸ ਤੋਂ ਬਾਅਦ ਸਰਬਸੰਮਤੀ ਨਾਲ ਕਾਮਰੇਡ ਸੁਰਿੰਦਰ ਢੰਡੀਆਂ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸੂਬਾ ਕਾਨਫਰੰਸ ਲਈ ਡੈਲੀਗੇਟਾਂ ਦੀ ਵੀ ਚੋਣ ਕੀਤੀ ਗਈ।ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਹੋਰ ਵਧੀਆ ਤਰੀਕੇ ਨਾਲ ਕਾਮਯਾਬ ਕਰਨਗੇ। ਹੰਸ ਰਾਜ ਗੋਲਡਨ ਨੇ ਕਿਹਾ ਕਿ ਨਵੇਂ ਸਾਥੀਆਂ ਨੂੰ ਪਾਰਟੀ ਦੀ ਜ਼ਿੰਮੇਵਾਰੀ ਦੇਣਾ ਸਾਡਾ ਨੈਤਿਕ ਫਰਜ਼ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਵਧੀਆ ਢੰਗ ਨਾਲ ਨੌਜਵਾਨ ਪੀੜ੍ਹੀ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰਨਗੇ। ਉਹਨਾ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਸਾਥੀਆਂ ਨਾਲ ਕੰਮ ਕਰਦੇ ਰਹਿਣਗੇ। ਹੋਰਨਾਂ ਤੋਂ ਇਲਾਵਾ ਰਿਸ਼ੀਪਾਲ ਖੁੱਬਣ, ਰਮਨ ਧਰਮੂਵਾਲਾ ਅਤੇ ਹਰਜੀਤ ਕੌਰ ਢੰਡੀਆਂ ਨੇ ਸੰਬੋਧਨ ਕੀਤਾ।