ਰਾਹੁਲ ਵੱਲੋਂ ਜਨਰਲ ਦੀਆਂ ਯਾਦਾਂ ਦਾ ਜ਼ਿਕਰ ਕਰਨ ’ਤੇ ਜ਼ਬਰਦਸਤ ਹੰਗਾਮਾ

0
22

ਨਵੀਂ ਦਿੱਲੀ : ਲੋਕ ਸਭਾ ਵਿੱਚ ਸੋਮਵਾਰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਭਾਰੀ ਹੰਗਾਮਾ ਹੋਇਆ, ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਇਕ ਅਣਪ੍ਰਕਾਸ਼ਤ ਕਿਤਾਬ (ਯਾਦਨਾਮੇ) ਦਾ ਹਵਾਲਾ ਦੇਣਾ ਸ਼ੁਰੂ ਕੀਤਾ। ਰਾਹੁਲ ਗਾਂਧੀ ਸਾਲ 2020 ਵਿੱਚ ਚੀਨ ਨਾਲ ਹੋਏ ਸਰਹੱਦੀ ਵਿਵਾਦ ਬਾਰੇ ਬੋਲਣਾ ਚਾਹੁੰਦੇ ਸਨ, ਜਿਸ ’ਤੇ ਭਾਜਪਾ ਮੈਂਬਰਾਂ ਨੇ ਸਖਤ ਇਤਰਾਜ਼ ਜਤਾਇਆ। ਦੱਸਿਆ ਜਾਂਦਾ ਹੈ ਕਿ ਕਿਤਾਬ ਵਿੱਚ ਚੀਨੀ ਟੈਂਕਾਂ ਦੇ ਗਲਵਾਨ ਵੱਲ ਆਉਣ ਦੀ ਗੱਲ ਕਹੀ ਗਈ ਹੈ।
ਸਪੀਕਰ ਓਮ ਬਿਰਲਾ ਨੇ ਸਪੱਸ਼ਟ ਰੂਲਿੰਗ ਦਿੱਤੀ ਕਿ ਅਜਿਹੀ ਕਿਸੇ ਕਿਤਾਬ ਜਾਂ ਲੇਖ ਦਾ ਹਵਾਲਾ ਨਹੀਂ ਦਿੱਤਾ ਜਾ ਸਕਦਾ, ਜੋ ਅਜੇ ਤੱਕ ਪ੍ਰਕਾਸ਼ਤ ਹੀ ਨਹੀਂ ਹੋਈ। ਵਾਰ-ਵਾਰ ਪੈਦਾ ਹੋਈਆਂ ਰੁਕਾਵਟਾਂ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਕਈ ਵਾਰ ਰੋਕਣੀ ਪਈ ਅਤੇ ਅੰਤ ਵਿੱਚ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ’ਤੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਹਥਿਆਰਬੰਦ ਸੈਨਾਵਾਂ ਦਾ ਮਨੋਬਲ ਡੇਗਣ ਦਾ ਦੋਸ਼ ਲਾਇਆ।
ਰਿਜੀਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਸੰਸਦ ਅਤੇ ਨਿਯਮਾਂ ਤੋਂ ਉੱਪਰ ਸਮਝਦੇ ਹਨ ਅਤੇ ਉਨ੍ਹਾ ਨੂੰ ਚੀਨ ਸਰਹੱਦ ਦੇ ਮੁੱਦੇ ’ਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਦੂਜੇ ਪਾਸੇ, ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸਰਕਾਰ ਫੌਜ ਮੁਖੀ ਦੀਆਂ ਯਾਦਾਂ ਤੋਂ ਏਨੀ ਕਿਉਂ ਡਰ ਰਹੀ ਹੈ? ਉਨ੍ਹਾ ਕਿਹਾ ਕਿ ਕੌਮੀ ਸੁਰੱਖਿਆ ਤੋਂ ਮਹੱਤਵਪੂਰਨ ਕੁਝ ਵੀ ਨਹੀਂ । ਉਹ ਭਾਜਪਾ ਸਾਂਸਦ ਤੇਜਸਵੀ ਸੂਰੀਆ ਵੱਲੋਂ ਕਾਂਗਰਸ ਦੀ ਦੇਸ਼ ਭਗਤੀ ’ਤੇ ਚੁੱਕੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰਾਹੁਲ ਗਾਂਧੀ ਨੇ ਕਿਹਾਜਨਰਲ ਨਰਵਾਣੇ ਨੇ ਆਪਣੀ ਕਿਤਾਬ ਵਿੱਚ ਰਾਜਨਾਥ ਸਿੰਘ ਸਮੇਤ ਕੁਝ ਵਿਅਕਤੀਆਂ ਬਾਰੇ ਲਿਖਿਆ ਹੈ, ਫਿਰ ਵੀ ਉਨ੍ਹਾ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾ ਦਾ ਇਸ਼ਾਰਾ ਚੀਨ ਬਾਰੇ ਨਹੀਂ, ਸਗੋਂ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਚਰਿੱਤਰ ਬਾਰੇ ਹੈ।
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਰਾਹੁਲ ਗਾਂਧੀ ਦਾ ਸਮਰਥਨ ਕਰਦਿਆਂ ਕਿਹਾ ਕਿ ਚੀਨ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ’ਤੇ ਬੋਲਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।