ਜਲੰਧਰ (ਸੁਰਿੰਦਰ ਕੁਮਾਰ)
ਸਥਾਨਕ ਮਾਡਲ ਟਾਊਨ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਉਬਰਾਏ ਨੂੰ ਗੋਲੀਆਂ ਮਾਰ ਦਿੱਤੀਆਂ ਹਨ। ਇਸ ਦੌਰਾਨ ਆਪ ਆਗੂ ਨੂੰ ਪੰਜ ਗੋਲੀਆਂ ਲੱਗੀਆਂ। ਘਟਨਾ ਤੋਂ ਬਾਅਦ ਜ਼ਖਮੀ ਨੂੰ ਤੁਰੰਤ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਗੋਲੀ ਚੱਲਣ ਦੀ ਵਾਰਦਾਤ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੱਕੀ ਉਬਰਾਏ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਆਏ ਸਨ। ਬਦਮਾਸ਼ਾਂ ਨੇ ਪਾਰਕਿੰਗ ਵਿੱਚ ਖੜੀ ਕਾਰ ਵਿੱਚ ਬੈਠਣ ਸਮੇਂ ਲੱਕੀ ਉਬਰਾਏ ਉੱਪਰ ਗੋਲੀਆਂ ਚਲਾਈਆਂ ਸਨ। ਮੁਢਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਅੱਠ ਤੋਂ 10 ਗੋਲੀਆਂ ਚਲਾਈਆਂ। ਮ੍ਰਿਤਕ ਫਾਈਨਾਂਸ ਦਾ ਕਾਰੋਬਾਰ ਕਰਦਾ ਸੀ। ਉਸ ਦੀ ਪਤਨੀ ਸਿਮਰਜੋਤ ਕੌਰ ਨੇ ਦਸੰਬਰ 2024 ਵਿੱਚ ‘ਆਪ’ ਦੀ ਟਿਕਟ ‘ਤੇ ਇਲਾਕੇ ਤੋਂ ਕੌਂਸਲਰ ਦੀ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਪੁਲਸ ਆਸ-ਪਾਸ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਨ ਵਿੱਚ ਜੁਟ ਗਈ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਜਲੰਧਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਘਟਨਾ ਸਬੰਧੀ ਪੁਲਿਸ ਨਾਲ ਸਮੀਖਿਆ ਮੀਟਿੰਗ ਕੀਤੀ ਹੈ। ਸੀ ਸੀ ਟੀ ਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਮਾਮਲੇ ਵਿੱਚ ਕੁਝ ਸੁਰਾਗ ਮਿਲੇ ਹਨ, ਪਰ ਉਹ ਇਸ ਸਮੇਂ ਉਨ੍ਹਾਂ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ। ਦੂਜੇ ਪਾਸੇ ਜੋਗਾ ਫੋਲੜੀਵਾਲ ਨੇ ਇੱਕ ਪੋਸਟ ਵਿੱਚ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੀਤਾ ਗਿਆ ਹੈ।ਹਾਲਾਂ ਕਿ ਇਸ ਪੋਸਟ ਦੀ ਪੁਸ਼ਟੀ ਨਹੀਂ ਹੋ ਸਕੀ।





