ਚੰਡੀਗੜ੍ਹ : ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਨਸ਼ਰ ਕੀਤੀ ਸੀ। ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ ਤੇ 500 ਕਰੋੜ ਰੁਪਏ ਦੇ ਅਟੈਚੀ ਦੇ ਬਿਆਨ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਡਾ. ਸਿੱਧੂ ਨੇ ਆਪਣੇ ਟਵੀਟ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਕਥਿਤ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲੀਭੁਗਤ ਕਰਕੇ ਕਾਂਗਰਸ ਨੂੰ ਕਮਜ਼ੋਰ ਅਤੇ ਤਬਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਪਾਰਟੀ ਦੀ ਹਾਰ ਤੇ ਪਤਨ ਦਾ ਕਾਰਨ ਚੋਣਾਂ ਨਹੀਂ, ਬਲਕਿ ਅੰਦਰੂਨੀ ਖਿੱਚੋਤਾਣ ਹੈ।
ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਡਾ. ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੱਪੂ ਦੱਸਦਿਆਂ ਕਿਹਾ ਹੈ ਕਿ ‘ਪੱਪੂ’ ਨੇ ਆਖਰਕਾਰ ਆਪਣੇ ਨਾਂਅ ‘ਤੇ ਮੋਹਰ ਲਗਾ ਦਿੱਤੀ ਹੈ। ਉਹ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਅਤੇ ਗਿਆਨਵਾਨ ਸਮਝਦਾ ਹੈ, ਜਦੋਂ ਕਿ ਉਹ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਉਸਦੇ ਨਜ਼ਦੀਕੀ ਲੋਕ ਉਸ ਨੂੰ ਹਕੀਕਤ ਤੋਂ ਦੂਰ ਰੱਖਦੇ ਹਨ ਅਤੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਹੀ ਟਿਕਟਾਂ ਵੇਚ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊ ਰਹੇ ਹਨ। ਉਸਨੂੰ ਕਿਸੇ ਵੀ ਐਮਰਜੈਂਸੀ ਕਾਲ ‘ਤੇ ਕੋਈ ਅਹਿਮ ਫੈਸਲਾ ਲੈਣ ‘ਚ 6 ਮਹੀਨੇ ਲੱਗ ਜਾਂਦੇ ਹਨ, ਜਿਸ ਕਾਰਨ ਨੁਕਸਾਨ ਹੋਣਾ ਲਾਜ਼ਮੀ ਹੋ ਜਾਂਦਾ ਹੈ। ਉਸਨੇ ਆਪਣੇ ਟਵੀਟ ਵਿੱਚ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਆਗੂ ਦੇ ਸਮਰਥਕ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਹਨ? ਜ਼ਿਆਦਾਤਰ ਆਗੂ ਨਿਸ਼ਕਾਮ ਸੇਵਾ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿਚ ਲੱਗੇ ਹੋਏ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹ ਵਾਪਸ ਨਹੀਂ ਆਉਣਗੇ। ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਆਪਣੇ ਸਾਥੀਆਂ ਨੂੰ ਮੌਜੂਦਾ ਸਰਕਾਰ ਵਿਰੁੱਧ ਬੋਲਣ ਅਤੇ ਆਪਣੀਆਂ ਫਾਈਲਾਂ ਦੇ ਖੁਲਾਸੇ ਦਾ ਸਾਹਮਣਾ ਕਰਨ ਲਈ ਕਹਿਣ। ਅੰਤ ਵਿਚ ਉਸਨੇ ਰਾਹੁਲ ਨੂੰ ਇੱਕ ‘ਚੰਗੇ ਦੋਸਤ’ ਵਜੋਂ ਸਲਾਹ ਦਿੱਤੀ ਕਿ ਉਸ ਨੂੰ ਵਧੇਰੇ ਸਿਆਣਾ, ਗੰਭੀਰ, ਗ੍ਰਹਿਣਸ਼ੀਲ ਅਤੇ ਵਿਹਾਰਕ ਹੋਣਾ ਚਾਹੀਦਾ ਹੈ।





