ਜਲੰਧਰ : ਪੁਲਸ ਬੀਤੇ ਸ਼ੁੱਕਰਵਾਰ ਜਲੰਧਰ ਵਿਚ ਲੱਕੀ ਓਬਰਾਏ ਦੇ ਹੋਏ ਕਤਲ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਲੱਕੀ ਓਬਰਾਏ ਦੀ ਮੌਤ ਤੋਂ ਬਾਰਾਂ ਘੰਟੇ ਬਾਅਦ ਸਿਵਲ ਹਸਪਤਾਲ ਵਿਚ ਤਿੰਨ ਡਾਕਟਰਾਂ ਦੇ ਪੈਨਲ ਦੁਆਰਾ ਪੋਸਟਮਾਰਟਮ ਕੀਤਾ ਗਿਆ। ਡਾ. ਅਰੋੜਾ, ਡਾ. ਬਯਾਤ ਸਿੰਘ ਅਤੇ ਡਾ. ਅਭਿਸ਼ੇਕ ਨੇ ਦੱਸਿਆ ਕਿ ਪੋਸਟਮਾਰਟਮ ਦੌਰਾਨ ਸਰੀਰ ਵਿਚੋਂ ਪੰਜ ਗੋਲੀਆਂ ਕੱਢੀਆਂ ਗਈਆਂ। ਇਕ ਗੋਲੀ ਗਰਦਨ ਦੇ ਸੱਜੇ ਪਾਸੇ, ਦੋ ਪੇਟ ਦੇ ਸੱਜੇ ਪਾਸੇ ਅਤੇ ਦੋ ਛਾਤੀ ਵਿਚ ਮਿਲੀਆਂ।
ਓਬਰਾਏ ਦੇ ਪੋਸਟਮਾਰਟਮ ਵਿਚ ਦੋ ਘੰਟੇ ਤੋਂ ਵੱਧ ਸਮਾਂ ਲੱਗਿਆ। ਪੋਸਟਮਾਰਟਮ ਟੀਮ ਨੇ ਕਿਹਾ ਕਿ ਗੋਲੀਆਂ ਸਰੀਰ ਵਿਚ ਡੂੰਘੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਗਿਆ ਸੀ। ਇਸ ਦੌਰਾਨ ਘਰ ਦਾ ਨੌਕਰ ਲਾਪਤਾ ਹੈ ਅਤੇ ਉਸ ਦਾ ਫ਼ੋਨ ਬੰਦ ਹੈ। ਪੁਲਸ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਕੈਮਰਿਆਂ ਦੀ ਜਾਂਚ ਕਰ ਰਹੀ ਸੀ । ਲੰਮਾ ਪਿੰਡ ਚੌਕ ‘ਤੇ ਇਕ ਕ੍ਰੇਟਾ ਕਾਰ ਵਿਚ ਗੋਲੀਬਾਰੀ ਕਰਨ ਵਾਲੇ ਅਤੇ ਐਕਟਿਵਾ ਚਲਾਉਣ ਵਾਲੇ ਵਿਅਕਤੀ (ਸ਼ੱਕੀ ਨੌਕਰ) ਨੂੰ ਦੇਖਿਆ ਗਿਆ। ਇਹ ਨੌਕਰ ਲਗਭਗ ਦੋ ਸਾਲਾਂ ਤੋਂ ਲੱਕੀ ਲਈ ਕੰਮ ਕਰ ਰਿਹਾ ਸੀ। ਪੁਲਸ ਦਾ ਸ਼ੱਕ ਰਾਮਾ ਮੰਡੀ ਵਿਚ ਇਕ ਕਤਲ ਦੇ ਦੋਸ਼ੀ ‘ਤੇ ਪੈ ਰਿਹਾ ਹੈ, ਜੋ ਕਿ ਕਾਫ਼ੀ ਸਮੇਂ ਤੋਂ ਪੁਲਸ ਨੂੰ ਲੋੜੀਂਦਾ ਹੈ। ਪੁਲਸ ਦੋਸ਼ੀ ਜੋਗਾ ਫੋਲੜੀਵਾਲ ਦੇ ਤਿੰਨ-ਚਾਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਜੋਗਰਾਜ ਸਿੰਘ ਉਰਫ਼ ਜੋਗਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।





