ਲੁਧਿਆਣਾ : ਖੰਨਾ ਪੁਲਸ ਨੇ 81 ਸਾਲਾ ਪਰਵਾਸੀ ਭਾਰਤੀ ਮਹਿਲਾ ਜਗਪਾਲ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਉਸ ਦੇ ਕਿਰਾਏਦਾਰ ਨੂੰ ਗ੍ਰਿਫਤਾਰ ਕਰਕੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਸ ਨੇ ਆਪਣੀ ਮਾਲਕਣ ਦਾ ਕਤਲ ਇਸ ਲਈ ਕੀਤਾ, ਕਿਉਂਕਿ ਉਸ ਨੇ ਅਲੀਗੜ੍ਹ (ਯੂ ਪੀ) ਦੇ ਕਿਸੇ ਵਿਅਕਤੀ ਦੇ 20,000 ਰੁਪਏ ਦੇਣੇ ਸਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਹੋਈ ਹੈ, ਜੋ ਅਲੀਗੜ੍ਹ (ਯੂ ਪੀ) ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਖੰਨਾ ਦੀ ਨਵੀਂ ਆਬਾਦੀ ਵਿੱਚ ਮ੍ਰਿਤਕ ਮਹਿਲਾ ਦੇ ਘਰ ਵਿੱਚ ਰਹਿ ਰਿਹਾ ਸੀ। ਖੰਨਾ ਦੀ ਐੱਸ ਐੱਸ ਪੀ ਦਰਪਣ ਅਹਲੂਵਾਲੀਆ ਨੇ ਦੱਸਿਆ ਕਿ ਬੀਤੀ 1 ਫਰਵਰੀ ਨੂੰ ਸ਼ਿਕਾਇਤ ਮਿਲੀ ਸੀ ਕਿ ਖੰਨਾ ਦੇ ਇੱਕ ਘਰ ਵਿੱਚ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ 6 ਫਰਵਰੀ ਨੂੰ ਰਾਹੁਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਰਾਹੁਲ ਨੇ ਮੰਨਿਆ ਕਿ ਉਸ ਨੇ ਕਿਸੇ ਵਿਅਕਤੀ ਨੂੰ 20,000 ਰੁਪਏ ਨਕਦ ਮੋੜਨੇ ਸਨ, ਜੋ ਉਸ ਨੇ ਆਪਣੇ ਪਿਤਾ ਦੇ ਇਲਾਜ ਲਈ ਉਧਾਰ ਲਏ ਸਨ। ਉਹ ਔਰਤ ਦੀ ਹੱਤਿਆ ਕਰਨ ਉਪਰੰਤ ਉਸ ਦੀ ਅਲਮਾਰੀ ਵਿੱਚੋਂ ਉਸ ਦਾ ਪਰਸ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।




