ਲੁਧਿਆਣਾ : ਇੱਥੇ ਜਾਮਾ ਮਸਜਿਦ ਦੇ ਬਾਹਰ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ‘ਤੇ ਹਮਲਾ ਕੀਤਾ ਗਿਆ। ਇੱਕ ਵਿਅਕਤੀ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾ ‘ਤੇ ਇੱਟਾਂ ਵਰ੍ਹਾਈਆਂ, ਜਦੋਂ ਕਿ ਇੱਕ ਨੇ ਉਨ੍ਹਾ ਨੂੰ ਥੱਪੜ ਵੀ ਮਾਰਿਆ। ਸੋਸ਼ਲ ਮੀਡੀਆ ‘ਤੇ ਇਸ ਹਮਲੇ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੁਲਸ ਡਿਵੀਜ਼ਨ-2 ਨੇ ਬ੍ਰਾਊਨ ਰੋਡ ਦੇ ਰਹਿਣ ਵਾਲੇ ਉਬੈਦ ਉਰ ਰਹਿਮਾਨ, ਉਸ ਦੇ ਪੁੱਤਰਾਂ ਅਤੀਕ ਉਰ ਰਹਿਮਾਨ ਅਤੇ ਮੁਹੰਮਦ ਅਹਿਮਦ ਵਿਰੁੱਧ ਕੇਸ ਦਰਜ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮਸਜਿਦ ਦੇ ਅੰਦਰ ਇੱਕ ਦੁਕਾਨਦਾਰ ਨਾਲ ਚੱਲ ਰਹੇ ਵਿਵਾਦ ਦਾ ਨਤੀਜਾ ਸੀ। ਦੁਕਾਨਦਾਰ ਨੇ ਦਾਅਵਾ ਕੀਤਾ ਕਿ ਉਹ ਦੁਕਾਨ ਦਾ ਮਾਲਕ ਹੈ, ਪਰ ਮਸਜਿਦ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੁਕਾਨ ਉਨ੍ਹਾਂ ਦੀ ਹੈ ਅਤੇ ਇਸ ਸੰਬੰਧੀ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ। ਜਦੋਂ ਸ਼ਾਹੀ ਇਮਾਮ ਜਾਮਾ ਮਸਜਿਦ ਦੇ ਮੈਨੇਜਰ ਅਤੇ ਇੱਕ ਹੋਰ ਵਿਅਕਤੀ ਨਾਲ ਮਸਜਿਦ ਵਿੱਚ ਨਵੀਨੀਕਰਨ ਦੀ ਦੇਖ-ਰੇਖ ਕਰ ਰਹੇ ਸਨ ਤਾਂ ਕਥਿਤ ਵਿਅਕਤੀਆਂ ਨੇ ਮਸਜਿਦ ਦੇ ਬਾਹਰ ਸ਼ਾਹੀ ਇਮਾਮ ਅਤੇ ਹੋਰਾਂ ‘ਤੇ ਹਮਲਾ ਕਰ ਦਿੱਤਾ। ਬਾਅਦ ਵਿੱਚ ਪੁਲਸ ਨੂੰ ਬੁਲਾਇਆ ਗਿਆ ਤੇ ਹਾਲਾਤ ‘ਤੇ ਕਾਬੂ ਪਾਇਆ ਗਿਆ।





