ਗੁਹਾਟੀ : ਅਸੈਂਬਲੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਾਂਗਰਸ ਸਾਂਸਦ ਗੌਰਵ ਗੋਗੋਈ ਅਤੇ ਉਨ੍ਹਾ ਦੀ ਬ੍ਰਿਟਿਸ਼ ਪਤਨੀ ਐਲਿਜ਼ਾਬੈਥ ਕੋਲਬਰਨ ‘ਤੇ ਗੰਭੀਰ ਸਵਾਲ ਚੁੱਕੇ ਹਨ। ਸਰਮਾ ਨੇ ਦਾਅਵਾ ਕੀਤਾ ਕਿ ਗੋਗੋਈ ਦੀ ਪਤਨੀ ਅਤੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਵਿਚਕਾਰ ‘ਡੂੰਘੇ ਸੰਬੰਧ’ ਹਨ ਅਤੇ ਭਾਰਤ ਦੀਆਂ ਗੁਪਤ ਸੂਚਨਾਵਾਂ ਗੁਆਂਢੀ ਦੇਸ਼ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਕੋਲਬਰਨ ਦੀ ਤਨਖਾਹ ਪਾਕਿਸਤਾਨੀ ਸੰਸਥਾ ਵੱਲੋਂ ਐੱਫ ਸੀ ਆਰ ਏ ਨਿਯਮਾਂ ਦੀ ਉਲੰਘਣਾ ਕਰਕੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਰਮਾ ਨੇ ਗੋਗੋਈ ਦੀ 2013 ਦੀ ਪਾਕਿਸਤਾਨ ਫੇਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਉੱਥੇ ‘ਗੁਪਤ ਸਿਖਲਾਈ’ ਲਈ ਗਏ ਸਨ। ਅਸਾਮ ਸਰਕਾਰ ਨੇ ਇਸ ਮਾਮਲੇ ਦੀ ਰਾਸ਼ਟਰੀ ਪੱਧਰ ‘ਤੇ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕੀਤੀ ਹੈ। ਦੂਜੇ ਪਾਸੇ, ਗੌਰਵ ਗੋਗੋਈ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨੂੰ ‘ਸੁਪਰ ਫਲਾਪ’ ਅਤੇ ‘ਸੀ-ਗ੍ਰੇਡ ਸਿਨੇਮਾ’ ਤੋਂ ਵੀ ਮਾੜੀ ਕਰਾਰ ਦਿੱਤਾ ਹੈ। ਗੋਗੋਈ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਅਤੇ ਆਪਣੇ ਪਰਵਾਰ ਦੀ 12,000 ਵਿਘਾ ਜ਼ਮੀਨ ਦੇ ਕਬਜ਼ੇ ਦੀ ਖਬਰ ਤੋਂ ਧਿਆਨ ਭਟਕਾਉਣ ਲਈ ਅਜਿਹੇ ਬੇਬੁਨਿਆਦ ਮੁੱਦੇ ਉਛਾਲ ਰਹੇ ਹਨ।
ਉਨ੍ਹਾ ਸਰਮਾ ਦੀ ਰਾਜਨੀਤੀ ਨੂੰ ‘ਬੇਤੁਕੀ’ ਦੱਸਿਆ। ਜ਼ਿਕਰਯੋਗ ਹੈ ਕਿ ਹਿਮੰਤਾ ਬਿਸਵਾ ਸਰਮਾ ਨੇ ਐਲਿਜ਼ਾਬੈਥ ਕੋਲਬਰਨ ਦੇ ਪਾਕਿਸਤਾਨੀ ਬੈਂਕ ਖਾਤੇ ਅਤੇ ਗੋਗੋਈ ਵੱਲੋਂ ਚੋਣ ਹਲਫਨਾਮੇ ਵਿੱਚ ਜਾਣਕਾਰੀ ਲੁਕਾਉਣ ਦੇ ਵੀ ਇਲਜ਼ਾਮ ਲਾਏ ਹਨ ਅਤੇ ਉਨ੍ਹਾਂ ਦਾ ਓ ਸੀ ਆਈ ਕਾਰਡ ਰੱਦ ਕਰਨ ਦੀ ਮੰਗ ਕੀਤੀ ਹੈ।





