ਢੁੱਡੀਕੇ : ਜਗਜੀਤ ਸਿੰਘ ਨੇ ਦੱਸਿਆ ਕਿ ਗਦਰ ਪਾਰਟੀ ਦੇ ਮੋਢੀਆਂ ‘ਚੋਂ ਮਹਾਨ ਦੇਸ਼ ਭਗਤ ਬਾਬਾ ਰੂੜ ਸਿੰਘ ਚੂਹੜ ਚੱਕ ਦੀ ਸਾਲਾਨਾ ਬਰਸੀ ਉਨ੍ਹਾ ਦੀ ਯਾਦਗਾਰ ‘ਤੇ 15 ਫਰਵਰੀ ਨੂੰ ਚੂਹੜ ਚੱਕ ਵਿਖੇ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਸਿਆਸੀ ਤਕਰੀਰਾਂ ਵੀ ਹੋਣਗੀਆਂ।ਬਾਬਾ ਰੂੜ ਸਿੰਘ ਪੁਰਾਣੀਆਂ 12 ਜਮਾਤਾਂ ਭਾਵ ਐੱਫ ਏ ਪਾਸ ਸਨ।ਗਦਰ ਪਾਰਟੀ ਨੇ ਫੈਸਲਾ ਕਰ ਦਿੱਤਾ ਕਿ ਸਭ ਗਦਰੀ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਹਿੰਦ ਪਹੁੰਚਣ।ਬਾਬਾ ਰੂੜ ਸਿੰਘ ਅਮਰੀਕਾ ਤੋਂ ਪਹਿਲੇ ਜਥੇ ਨਾਲ ਹਿੰਦੁਸਤਾਨ ਆਏ ਸਨ।ਹਕੂਮਤ ਨੇ ਉਨ੍ਹਾ ਨੂੰ ਕਲਕੱਤੇ ਤੋਂ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤ ਦੀ ਸਜ਼ਾ ਦਿੱਤੀ।ਉਮਰ ਕੈਦ ਪੂਰੀ ਕਰਨ ਤੋਂ ਬਾਅਦ ਰਿਹਾ ਹੋ ਕੇ ਉਨ੍ਹਾ ਕਿਰਤੀ ਪਾਰਟੀ, ਆਲ ਇੰਡੀਆ ਕਿਸਾਨ ਸਭਾ ਤੇ ਸੀ ਪੀ ਆਈ ਵਿੱਚ ਕੰਮ ਕੀਤਾ।ਉਹ ਪਹਿਲੀਆਂ ਅਸੰਬਲੀ ਚੋਣਾਂ ਵਿੱਚ ਬਿਨਾਂ ਮੁਕਾਬਲਾ ਵਿਧਾਇਕ ਚੁਣੇ ਗਏ।
ਸਮਾਗਮ ਨੂੰ ਸੰਬੋਧਨ ਕਰਨ ਲਈ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਜਗਰੂਪ ਤੇ ਨਰਿੰਦਰ ਕੌਰ ਸੋਹਲ, ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਨੀ, ਸੀ ਪੀ ਆਈ ਮੋਗਾ ਜ਼ਿਲ੍ਹੇ ਦੇ ਸਕੱਤਰ ਕੁਲਦੀਪ ਸਿੰਘ ਭੋਲਾ, ਸੂਰਤ ਸਿੰਘ ਧਰਮਕੋਟ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਜਗਸੀਰ ਸਿੰਘ ਖੋਸਾ ਸੂਬਾ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ, ਸਬਰਾਜ ਸਿੰਘ ਢੁੱਡੀਕੇ ਬਲਾਕ ਸਕੱਤਰ ਸੀ ਪੀ ਆਈ ਅਤੇ ਪਿਰਥੀਪਾਲ ਸਿੰਘ ਮਾੜੀਮੇਘਾ ਪਹੁੰਚ ਰਹੇ ਹਨ।




