ਛੇ ਪਿਸਤੌਲਾਂ, ਹੈਰੋਇਨ ਤੇ ਡਰੱਗ ਮਨੀ ਸਮੇਤ ਪੰਜ ਗ੍ਰਿਫਤਾਰ

0
11

ਛੇਹਰਟਾ/ਖਾਸਾ (ਮਨੋਜ ਕੁਮਾਰ/ਸ਼ਸ਼ਪਾਲ ਸਿੰਘ)
ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਦੇ ਹਥਿਆਰ ਤੇ ਨਸ਼ਾ ਤਸਕਰੀ ਮਡਿਊਲ ਦੇ ਪੰਜ ਕਾਰਕੁਨਾਂ ਨੂੰ ਛੇ ਆਧੁਨਿਕ ਪਿਸਤੌਲ, 115 ਗ੍ਰਾਮ ਹੈਰੋਇਨ ਤੇ 11.90 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ ਕੀਤਾ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਮੰਨੂ (24), ਗੁਰਪ੍ਰੀਤ ਸਿੰਘ ਉਰਫ਼ ਗੋਪੀ (20), ਸੁਖਰਾਜ ਸਿੰਘ ਉਰਫ਼ ਜੋਗਾ (24) ਤੇ ਸਾਜਨ ਸਿੰਘ ਉਰਫ਼ ਗੁਰਸਾਜਨ ਸਿੰਘ ਉਰਫ਼ ਲੱਡਾ ਸਾਰੇ ਵਾਸੀ ਪਿੰਡ ਰੋਡਾਂਵਾਲਾ ਕਲਾਂ (ਅੰਮ੍ਰਿਤਸਰ) ਤੇ ਅੰਮ੍ਰਿਤਸਰ ਦੇ ਪਿੰਡ ਰਣੀਕੇ ਦੇ ਵਸਨੀਕ ਮੋਲਕਦੀਪ ਸਿੰਘ (23) ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਆਸਟਰੀਆ ਦੇ ਬਣੇ ਦੋ 9 ਐੱਮ ਐੱਮ ਗਲੌਕ, ਤੁਰਕੀ ਦਾ ਬਣਿਆ ਇਕ ਜ਼ਿਗਾਨਾ, ਦੋ .32 ਬੋਰ ਤੇ ਇਕ .30 ਬੋਰ ਪਿਸਤੌਲ ਸਮੇਤ 10 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਸ ਟੀਮਾਂ ਨੇ ਮੁਲਜ਼ਮਾਂ ਦੀ ਹੁੰਡਈ ਕਰੇਟਾ ਕਾਰ ਵੀ ਜ਼ਬਤ ਕੀਤੀ ਹੈ, ਜਿਸ ਦੀ ਵਰਤੋਂ ਉਹ ਤਸਕਰੀ ਲਈ ਕਰਦੇ ਸਨ। ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਸਰਗਰਮੀ ਨਾਲ ਜੁੜੇ ਹੋਏ ਸਨ ਅਤੇ ਡਰੋਨ ਰਾਹੀਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਹੇ ਸਨ। ਪੁਲਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸਰਹੱਦ ਪਾਰ ਦੇ ਤਸਕਰੀ ਸਬੰਧਾਂ ਬਾਰੇ ਪੁਖਤਾ ਤੇ ਗੁਪਤ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਸ ਟੀਮਾਂ ਨੇ ਸਿਮਰਨਜੀਤ ਉਰਫ਼ ਮੰਨੂ, ਮੋਲਕਦੀਪ ਸਿੰਘ, ਗੁਰਪ੍ਰੀਤ ਉਰਫ਼ ਗੋਪੀ, ਸੁਖਰਾਜ ਉਰਫ਼ ਜੋਗਾ ਤੇ ਸਾਜਨ ਉਰਫ਼ ਗੁਰਸਾਜਨ ਉਰਫ਼ ਲੱਡਾ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ .32 ਬੋਰ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾ ਕਿਹਾ ਕਿ ਹੋਰ ਪੁੱਛਗਿੱਛ ਤੋਂ ਬਾਅਦ ਹੋਈਆਂ ਬਰਾਮਦਗੀਆਂ ਦੌਰਾਨ ਚਾਰ ਹੋਰ ਪਿਸਤੌਲ, 115 ਗ੍ਰਾਮ ਹੈਰੋਇਨ ਤੇ 11.90 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਿਮਰਨਜੀਤ ਉਰਫ਼ ਮੰਨੂ, ਮੋਲਕਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਜਰਾਇਮ-ਪੇਸ਼ਾ ਅਪਰਾਧੀ ਹਨ ਅਤੇ ਪਹਿਲਾਂ ਵੀ ਐੱਨ ਡੀ ਪੀ ਐੱਸ ਐਕਟ ਅਧੀਨ ਮਾਮਲਿਆਂ ਵਿਚ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਉਰਫ਼ ਮੰਨੂ ਦੁਬਈ ਵਿਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਸੰਬੰਧ ਵਿਚ ਐੱਫ ਆਈ ਆਰ ਪੁਲਸ ਸਟੇਸ਼ਨ ਛਾਉਣੀ ਵਿਚ ਦਰਜ ਕੀਤਾ ਗਿਆ ਹੈ।