ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਇੱਥੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸੈਕਟਰ ਚਾਰ ਸਥਿਤ ਪੰਜਾਬ ਐੱਮ ਐੱਲ ਏ ਹੋਸਟਲ ਵਿਚਲੇ ਘਰ ਦਾ ਸੋਮਵਾਰ ਘਿਰਾਓ ਕਰਨ ਜਾਂਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਸ ਨੇ ਐੱਮ ਐੱਲ ਏ ਹੋਸਟਲ ਦੇ ਗੇਟ ਉੱਤੇ ਹੀ ਵੱਡੀਆਂ ਰੋਕਾਂ ਲਗਾ ਕੇ ਰੋਕ ਦਿੱਤਾ। ਵਰਕਰਾਂ ਨੇ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।
ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਬੈਂਡ ਵਾਲਾ ਦੱਸਣ ‘ਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਬੈਂਡ ਬਾਜੇ ਵਾਲਿਆਂ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਲਿਤਾਂ ਦਾ ਹਮੇਸ਼ਾ ਹੀ ਨਿਰਾਦਰ ਕਰਦੀ ਰਹੀ ਹੈ ਅਤੇ ਉਨ੍ਹਾਂ ਨੂੰ ਵੋਟ ਬੈਂਕ ਦੀ ਤਰ੍ਹਾਂ ਵਰਤਦੀ ਰਹੀ ਹੈ। ਇਸ ਦੇ ਨਾਲ ਹੀ ਆਪ ਆਗੂਆਂ ਨੇ ਪ੍ਰਤਾਪ ਬਾਜਵਾ ਨੂੰ ਮੁਆਫੀ ਮੰਗਣ ਲਈ ਕਿਹਾ।
ਇਸ ਦੌਰਾਨ ਮੰਤਰੀ ਹਰਭਜਨ ਸਿੰਘ ਈ ਟੀ ਓ, ਉਨ੍ਹਾ ਦੀ ਪਤਨੀ ਸੁਰਿੰਦਰ ਕੌਰ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸਿਹਤ ਮੰਤਰੀ ਡਾ. ਬਲਬੀਰ, ਮੋਹਿੰਦਰ ਭਗਤ, ਡਾ. ਰਵਜੋਤ, ਵਿਧਾਇਕ ਸ਼ੈਰੀ ਕਲਸੀ, ਕੁਲਜੀਤ ਰੰਧਾਵਾ, ਇੰਦਰਵੀਰ ਸਿੰਘ ਨਿੱਝਰ, ਨੀਨਾ ਮਿੱਤਲ, ਲਾਭ ਸਿੰਘ ਉਗੋਕੇ, ਚੇਤਨ ਸਿੰਘ ਜੌੜੇਮਾਜਰਾ, ਇੰਦਰਜੀਤ ਕੌਰ, ਚੇਅਰਮੈਨ ਹਰਚੰਦ ਸਿੰਘ ਬਰਸਟ, ਸੰਨੀ ਸਿੰਘ ਆਹਲੂਵਾਲੀਆ ਸਮੇਤ ਸੈਂਕੜੇ ਆਗੂ ਤੇ ਵਰਕਰ ਮੌਜੂਦ ਸਨ।ਇਸ ਤੋਂ ਇਲਾਵਾ ‘ਆਪ’ ਆਗੂ ਜੋਬਨ ਰੰਧਾਵਾ ਦੀ ਅਗਵਾਈ ਹੇਠ ਕਾਦੀਆਂ (ਗੁਰਦਾਸਪੁਰ) ਵਿੱਚ ਵੀ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਈ ਟੀ ਓ ਨੇ ਕਿਹਾ ਕਿ ਕਿਸੇ ਦੇ ਪਿਤਾ ਵੱਲੋਂ ਇਮਾਨਦਾਰੀ ਨਾਲ ਕੀਤੇ ਕੰਮ ਦਾ ਮਜ਼ਾਕ ਉਡਾਉਣਾ ਅਤੇ ਪੂਰੇ ਭਾਈਚਾਰੇ ਨੂੰ ਨੀਵਾਂ ਦਿਖਾਉਣਾ, ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ।
ਉਨ੍ਹਾ ਕਿਹਾ, ”ਮੇਰੇ ਪਿਤਾ ਇੱਕ ‘ਬੈਂਡ ਮਾਸਟਰ’ ਸਨ, ਉਨ੍ਹਾ ਨੇ ਸਖ਼ਤ ਮਿਹਨਤ ਨਾਲ ਸਾਨੂੰ ਪੜ੍ਹਾਇਆ। ਮੈਂ ਸਰਕਾਰੀ ਸਕੂਲ ਵਿੱਚ ਪੜ੍ਹ ਕੇ ਅਤੇ ਆਪਣੀ ਕਾਬਲੀਅਤ ਦੇ ਦਮ ‘ਤੇ ਇੱਥੇ ਪਹੁੰਚਿਆ ਹਾਂ। ਬਾਜਵਾ ਸਾਹਿਬ ਕਹਿ ਰਹੇ ਹਨ ਕਿ ‘ਬੈਂਡ ਵਜਾਉਣ ਵਾਲੇ ਦੇ ਪੁੱਤ ਦਾ ਬੈਂਡ ਵਜਾ ਦਿਆਂਗੇ।’ ਅਸੀਂ ਮਿਹਨਤ ਕੀਤੀ ਹੈ, ਕੋਈ ਸਮਗਲਿੰਗ ਜਾਂ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਨਹੀਂ ਕੀਤੀ। ਇਹ ਅਪਮਾਨ ਸਿਰਫ਼ ਮੇਰਾ ਨਹੀਂ, ਸਗੋਂ ਹਰ ਉਸ ਗਰੀਬ ਵਰਗ ਦਾ ਹੈ, ਜੋ ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ।”
ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਦਿਆਂ ਈ ਟੀ ਓ ਨੇ ਕਿਹਾ ਕਿ ਇੱਕ ਪਾਸੇ ਇਹ ਲੋਕ ਲਾਅ ਐਂਡ ਆਰਡਰ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਇੱਕ ਰੈਲੀ ਵਿੱਚ 1200 ਲੋਕਾਂ ਦੇ ਸਾਹਮਣੇ ਖੁੱਲ੍ਹੇਆਮ ਕਹਿ ਰਹੇ ਹਨ ਕਿ ‘ਈ ਟੀ ਓ ਦੀ ਧੌਣ ਮਰੋੜ ਦਿਓ, ਸਿਰਫ਼ 3 ਮਿੰਟ ਲੱਗਦੇ ਹਨ।’ ਕੀ ਇਹ ਜੰਗਲ ਰਾਜ ਨਹੀਂ? ਤੁਸੀਂ ਆਪਣੇ ਵਰਕਰਾਂ ਨੂੰ ਇੱਕ ਚੁਣੇ ਹੋਏ ਨੁਮਾਇੰਦੇ ‘ਤੇ ਹਮਲਾ ਕਰਨ ਲਈ ਉਕਸਾ ਰਹੇ ਹੋ ਤਾਂ ਜੋ ਕੋਈ ਗਰੀਬ ਦਾ ਬੱਚਾ ਦੁਬਾਰਾ ਰਾਜਨੀਤੀ ਵਿੱਚ ਆਉਣ ਦੀ ਹਿੰਮਤ ਨਾ ਕਰੇ। ਅਸੀਂ ਇਸ ਗੁੰਡਾਗਰਦੀ ਅਤੇ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ।
ਮੰਤਰੀ ਈ ਟੀ ਓ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਤੁਰੰਤ ਮੁਆਫੀ ਨਾ ਮੰਗੀ, ਤਾਂ ਅਸੀਂ ਉਨ੍ਹਾ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਗੀਆਂ ਪਾਰਟੀਆਂ ਨੇ ਹਮੇਸ਼ਾ ਪਰਵਾਰਵਾਦ ਨੂੰ ਉਤਸ਼ਾਹਤ ਕੀਤਾ ਹੈ। ਇਨ੍ਹਾਂ ਪਾਰਟੀਆਂ ਵਿੱਚ ਕੁਝ ਗਿਣੇ-ਚੁਣੇ ਪਰਵਾਰਾਂ ਦਾ ਹੀ ਰਾਜ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਨੇ ਇਸ ਧਾਰਨਾ ਨੂੰ ਤੋੜ ਕੇ ਆਮ ਘਰਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਅਤੇ ਕੈਬਨਿਟ ਤੱਕ ਪਹੁੰਚਾਇਆ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸੀਆਂ ਦੀ ਨਫ਼ਰਤ ਸਭ ਦੇ ਸਾਹਮਣੇ ਆ ਗਈ ਹੈ। ਕਾਂਗਰਸ ਮਿਹਨਤ ਕਰਨ ਵਾਲਿਆਂ ਨੂੰ ਕੁਝ ਨਹੀਂ ਸਮਝਦੀ ਅਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਹੈ।
ਉਨ੍ਹਾਂ ਦੇ ਬਿਆਨ ਛੋਟੇ (ਆਮ) ਲੋਕਾਂ ਪ੍ਰਤੀ ਉਨ੍ਹਾਂ ਦੀ ਘਟੀਆ ਮਾਨਸਿਕਤਾ ਅਤੇ ਨਫ਼ਰਤ ਨੂੰ ਦਰਸਾਉਂਦੇ ਹਨ।ਇਸੇ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਬੈਂਡ-ਵਾਜੇ ਵਾਲੀ ਟਿੱਪਣੀ ਦੇ ਮਾਮਲੇ ‘ਤੇ ਬਾਜਵਾ ਨੂੰ 11 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਨੇ ਐੱਸ ਐੱਸ ਪੀ ਅੰਮ੍ਰਿਤਸਰ ਤੋਂ ਵੀ ਇਸ ਬਾਰੇ ਕਾਨੂੰਨੀ ਰਿਪੋਰਟ ਮੰਗ ਲਈ ਹੈ। ਆਮ ਆਦਮੀ ਪਾਰਟੀ ਦੇ ਆਗੂ ਆਖ ਰਹੇ ਹਨ ਕਿ ਬਾਜਵਾ ਨੇ ਕੈਬਨਿਟ ਮੰਤਰੀ ਈ ਟੀ ਓ ਦੇ ਪਰਵਾਰਕ ਕਿੱਤੇ ਬਾਰੇ ਅਸੱਭਿਅਕ ਭਾਸ਼ਾ ਦੀ ਵਰਤੋਂ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਵਿਧਾਇਕਾਂ ਤੇ ਵਜ਼ੀਰਾਂ ਦੇ ਜ਼ਿਕਰ ਦੌਰਾਨ ਹਰਭਜਨ ਸਿੰਘ ਨੂੰ ਆਮ ਘਰ ਦਾ ਵਿਅਕਤੀ ਦੱਸਦਿਆਂ ਉਸ ਦੇ ਪਰਵਾਰਕ ਪਿਛੋਕੜ ਦਾ ਹਵਾਲਾ ਵੀ ਦਿੱਤਾ ਸੀ। ਹੁਣ ਬਾਜਵਾ ਨੇ ਸਿਆਸੀ ਰੈਲੀ ‘ਚ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਪਰਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ‘ਮੰਤਰੀ ਦੀ ਬੈਂਡ ਵਜਾ ਦਿਆਂਗੇ।’
ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਅਨੁਸੂਚਿਤ ਜਾਤੀਆਂ ਦਾ ਅਪਮਾਨ ਸਹਿਣ ਨਹੀਂ ਕੀਤਾ ਜਾਵੇਗਾ। ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਆਖ ਚੁੱਕੇ ਹਨ ਕਿ ਬਾਜਵਾ ਦੇ ਭਾਸ਼ਣ ‘ਚ ਕਿਧਰੇ ਵੀ ਦਲਿਤ ਵਰਗ ਦਾ ਅਪਮਾਨ ਵਰਗੀ ਟਿੱਪਣੀ ਨਹੀਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਤਲਬ ਕੀਤਾ ਸੀ।





