ਨੀਨਾ ਟਿਵਾਣਾ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਤ

0
11

ਪਟਿਆਲਾ : ਪੰਜਾਬੀ ਰੰਗਮੰਚ ਦੀ ਮਾਹਰ ਨੀਨਾ ਟਿਵਾਣਾ ਨੂੰ ਪੰਜਾਬ ਆਰਟ ਕੌਂਸਲ, ਪੰਜਾਬ ਸਰਕਾਰ ਵੱਲੋਂ ਰੰਗਮੰਚ ਵਿੱਚ ਜੀਵਨ ਭਰ ਦੇ ਯੋਗਦਾਨ ਲਈ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾ ਨੂੰ ਪਦਮਸ੍ਰੀ ਨਿਰਮਲ ਰਿਸ਼ੀ ਵੱਲੋਂ ਭੇਟ ਕੀਤਾ ਗਿਆ, ਜੋ ਟਿਵਾਣਾ ਨੂੰ ਆਪਣਾ ਅਧਿਆਪਕ ਅਤੇ ਮਾਰਗ-ਦਰਸ਼ਕ ਮੰਨਦੇ ਹਨ।
ਨੀਨਾ ਟਿਵਾਣਾ ਆਪਣੇ ਮਰਹੂਮ ਪਤੀ ਹਰਪਾਲ ਟਿਵਾਣਾ ਦੇ ਨਾਲ 1965 ਵਿੱਚ ਇਬਰਾਹਿਮ ਅਲਕਾਜ਼ੀ ਦੀ ਅਗਵਾਈ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗਰੈਜੂਏਟ ਹੋਣ ਵਾਲੀ ਪਹਿਲੀ ਪੰਜਾਬਣ ਹੈ। ਛੇ ਦਹਾਕਿਆਂ ਤੋਂ ਵੱਧ ਦੇ ਕੈਰੀਅਰ ਵਿੱਚ ਉਨ੍ਹਾ ਨੇ ਆਪਣੇ ਪਤੀ ਦੇ ਨਿਰਦੇਸ਼ਨ ਹੇਠ ਕਈ ਸਫਲ ਨਾਟਕਾਂ ਜਿਵੇਂ ਕਣਕ ਦੀ ਬੱਲੀ, ਲੋਹਾ ਕੁੱਟ, ਚਮਕੌਰ ਦੀ ਗੜ੍ਹੀ, ਐਂਟੀਗੋਨ, ਨਸ਼ਾ ਕੁਰਸੀ ਦਾ, ਮੇਲਾ ਮੁੰਡੇ0ਕੁੜੀਆਂ ਦਾ, ਗਰਮ ਬਾਜ਼ਾਰ, ਲੌਂਗ ਦਾ ਲਿਸ਼ਕਾਰਾ ਅਤੇ ਦੀਵਾ ਬਲੇ ਸਾਰੀ ਰਾਤ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚੋਂ ਕੁਝ ‘ਤੇ ਬਾਅਦ ਵਿੱਚ ਫਿਲਮਾਂ ਵੀ ਬਣੀਆਂ।
ਉਨ੍ਹਾ ਅਤੇ ਉਨ੍ਹਾ ਦੇ ਮਰਹੂਮ ਪਤੀ ਨੂੰ ਪੰਜਾਬ ਵਿੱਚ ਟਿਕਟ ਲਗਾ ਕੇ ਨਾਟਕ ਦੇਖਣ ਵਾਲੇ ਦਰਸ਼ਕਾਂ ਲਈ ਪੇਸ਼ੇਵਰ ਪੰਜਾਬੀ ਰੰਗਮੰਚ ਲਹਿਰ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ, ਜਦੋਂ ਕਿ ਫਿਲਮ ‘ਲੌਂਗ ਦਾ ਲਿਸ਼ਕਾਰਾ’ ਵਿੱਚ ਸਰਦਾਰਨੀ ਦੀ ਭੂਮਿਕਾ ਨੇ ਨੀਨਾ ਟਿਵਾਣਾ ਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾ ਟੈਲੀ-ਸੀਰੀਜ਼ ‘ਸਾਂਝੀ ਦੀਵਾਰ’ ਅਤੇ ਹਿੰਦੀ ਫਿਲਮ ‘ਹਾਟ-ਦ ਬਾਜ਼ਾਰ’ ਵਿੱਚ ਵੀ ਕੰਮ ਕੀਤਾ। ਉਨ੍ਹਾ ਨੂੰ ਦੁਨੀਆ ਭਰ ਵਿੱਚ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਖਾਲਸਾ ਦੀ ਤਿੰਨ ਸੌ ਸਾਲਾ ਸ਼ਤਾਬਦੀ ‘ਤੇ ਐੱਸ ਜੀ ਪੀ ਸੀ ਵੱਲੋਂ ‘ਆਊਟਸਟੈਂਡਿੰਗ ਸਿੱਖ ਵੂਮੈਨ ਐਵਾਰਡ’, ਇੰਡੋ-ਕੈਨੇਡੀਅਨ ਟਾਈਮਜ਼ ਐਵਾਰਡ, ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਅਦਾਕਾਰਾ ਐਵਾਰਡ’ ਅਤੇ ‘ਨੈਸ਼ਨਲ ਸੰਗੀਤ ਨਾਟਕ ਅਕੈਡਮੀ ਐਵਾਰਡ’ ਸ਼ਾਮਲ ਹਨ। ਉਨ੍ਹਾ ਆਪਣੇ ਮਰਹੂਮ ਪਤੀ ‘ਤੇ ‘ਓਹ ਜੋ ਸੀ’ ਨਾਂਅ ਦੀ ਕਿਤਾਬ ਲਿਖੀ ਹੈ ਅਤੇ ਹਾਲ ਹੀ ਤੱਕ ਉਹ ਸਟੇਜ ‘ਤੇ ਪੇਸ਼ਕਾਰੀ ਦੇ ਰਹੇ ਸਨ, ਪਰ ਸਿਹਤ ਕਾਰਨਾਂ ਕਰਕੇ ਹੁਣ ਉਹ ਸਟੇਜ ‘ਤੇ ਅਦਾਕਾਰੀ ਨਹੀਂ ਕਰਦੇ, ਪਰ ਅਦਾਕਾਰੀ ਦੀਆਂ ਤਕਨੀਕਾਂ ‘ਤੇ ਇੱਕ ਕਿਤਾਬ ਪੂਰੀ ਕਰ ਰਹੇ ਹਨ। ਹਰਪਾਲ ਅਤੇ ਨੀਨਾ ਟਿਵਾਣਾ ਦੀ ਜੋੜੀ ਨੂੰ ਓਮ ਪੁਰੀ, ਰਾਜ ਬੱਬਰ, ਨਿਰਮਲ ਰਿਸ਼ੀ, ਗੁਰਦਾਸ ਮਾਨ ਅਤੇ ਗਿਰਜਾ ਸ਼ੰਕਰ ਵਰਗੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਸਿਹਰਾ ਵੀ ਜਾਂਦਾ ਹੈ। ਨੀਨਾ ਟਿਵਾਣਾ ਦਾ ਕਹਿਣਾ ਹੈ, ‘ਰੰਗਮੰਚ ਅਜਿਹੀ ਚੀਜ਼ ਹੈ, ਜੋ ਕਿਰਦਾਰਾਂ ਵਿੱਚ ਜਾਨ ਪਾ ਦਿੰਦੀ ਹੈ ਅਤੇ ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੈਂ ਅਦਾਕਾਰੀ ਕਰਦਿਆਂ ਆਪਣਾ ਜੀਵਨ ਬੀਤਇਆ ਹੈ, ਜੋ ਮੈਨੂੰ ਲਗਾਤਾਰ ਪ੍ਰੇਰਿਤ ਕਰਦਾ ਹੈ।’