ਦਾਲ ‘ਚ ਕਾਲਾ

0
12

ਵਾਸ਼ਿੰਗਟਨ : ਵ੍ਹਾਈਟ ਹਾਊਸ ਨੇ ਭਾਰਤ ਨਾਲ ਅੰਤਰਮ ਵਪਾਰਕ ਸਮਝੌਤੇ ‘ਤੇ ਜਾਰੀ ਕੀਤੀ ਇੱਕ ਸੋਧੀ ਹੋਈ ਜਾਣਕਾਰੀ ਸੂਚੀ (ਫੈਕਟ ਸ਼ੀਟ) ਵਿੱਚੋਂ ਉਨ੍ਹਾਂ ਅਮਰੀਕੀ ਉਤਪਾਦਾਂ ਦੀ ਸੂਚੀ ਵਿੱਚੋਂ ਦਾਲਾਂ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ‘ਤੇ ਭਾਰਤ ਨੇ ਟੈਰਿਫ ਖਤਮ ਕਰਨ ਜਾਂ ਘਟਾਉਣ ਦੀ ਗੱਲ ਕਹੀ ਸੀ। ਸੋਮਵਾਰ ਨੂੰ ਵ੍ਹਾਈਟ ਹਾਊਸ ਨੇ ਇਤਿਹਾਸਕ ਵਪਾਰਕ ਸੌਦੇ (ਅੰਤਰਮ ਸਮਝੌਤਾ) ਬਾਰੇ ਜਾਣਕਾਰੀ ਸੂਚੀ ਜਾਰੀ ਕੀਤੀ ਸੀ, ਜੋ ਕਿ ਭਾਰਤ ਅਤੇ ਅਮਰੀਕਾ ਦੁਆਰਾ ਆਪਸੀ ਅਤੇ ਲਾਭਕਾਰੀ ਵਪਾਰ ਦੇ ਢਾਂਚੇ ਬਾਰੇ ਦਿੱਤੇ ਗਏ ਸਾਂਝੇ ਬਿਆਨ ਤੋਂ ਕੁਝ ਦਿਨ ਬਾਅਦ ਆਈ ਸੀ। ਜਾਣਕਾਰੀ ਸੂਚੀ ਦੇ ਸ਼ੁਰੂਆਤੀ ਸੰਸਕਰਣ ਵਿੱਚ ਸਮਝੌਤੇ ਦੀਆਂ ਮੁੱਖ ਸ਼ਰਤਾਂ ‘ਤੇ ਜ਼ੋਰ ਦਿੱਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਾਰੀਆਂ ਅਮਰੀਕੀ ਉਦਯੋਗਕ ਵਸਤੂਆਂ ਅਤੇ ਭੋਜਨ ਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ‘ਤੇ ਟੈਰਿਫ ਖਤਮ ਜਾਂ ਘਟਾ ਦੇਵੇਗਾ, ਜਿਸ ਵਿੱਚ ਡਾਈਡ ਡਿਸਟਿਲਰ ਗ੍ਰੇਨਜ਼, ਲਾਲ ਜਵਾਰ, ਡਰਾਈ ਫਰੂਟਸ, ਤਾਜ਼ੇ ਅਤੇ ਪ੍ਰੋਸੈੱਸ ਕੀਤੇ ਫਲ, ਕੁਝ ਦਾਲਾਂ, ਸੋਇਆਬੀਨ ਤੇਲ, ਵਾਈਨ ਤੇ ਸਪਿਰਟ ਅਤੇ ਹੋਰ ਉਤਪਾਦ ਸ਼ਾਮਲ ਸਨ। ਫੈਕਟ ਸ਼ੀਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਭਾਰਤ ਨੇ ਹੋਰ ਅਮਰੀਕੀ ਉਤਪਾਦ ਖਰੀਦਣ ਅਤੇ 500 ਅਰਬ ਡਾਲਰ ਤੋਂ ਵੱਧ ਦੀ ਅਮਰੀਕੀ ਊਰਜਾ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਖੇਤੀਬਾੜੀ, ਕੋਲਾ ਅਤੇ ਹੋਰ ਉਤਪਾਦ ਖਰੀਦਣ ਦਾ ‘ਵਚਨ’ ਦਿੱਤਾ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਸੋਧੀ ਹੋਈ ਜਾਣਕਾਰੀ ਸੂਚੀ ਵਿੱਚੋਂ ਦਾਲਾਂ ਦਾ ਹਵਾਲਾ ਹਟਾ ਦਿੱਤਾ ਗਿਆ ਅਤੇ ਭਾਰਤ ਲਈ ਵਰਤੇ ਗਏ ਸ਼ਬਦ ‘ਵਚਨਬੱਧ’ ਨੂੰ ਬਦਲ ਕੇ ‘ਇਰਾਦਾ’ ਕਰ ਦਿੱਤਾ ਗਿਆ। ਸੋਧੀ ਹੋਈ ਫੈਕਟ ਸ਼ੀਟ ਅਨੁਸਾਰ, ਭਾਰਤ ਸਾਰੀਆਂ ਅਮਰੀਕੀ ਉਦਯੋਗਕ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ‘ਤੇ ਟੈਰਿਫ ਘਟਾਏਗਾ… ਭਾਰਤ ਦਾ ਇਰਾਦਾ ਅਗਲੇ 5 ਸਾਲਾਂ ਵਿੱਚ 500 ਅਰਬ ਡਾਲਰ ਦੀ ਅਮਰੀਕੀ ਊਰਜਾ, ਤਕਨਾਲੋਜੀ ਅਤੇ ਕੋਲਾ ਖਰੀਦਣ ਦਾ ਹੈ।