ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨਾਲ ਹੋਇਆ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹੱਕ ਵਿੱਚ ਹੈ ਤਾਂ ਰੋਜ਼ਾਨਾ ਪ੍ਰੈੱਸ ਕਾਨਫਰੰਸਾਂ ਕਰਨ ਦੀ ਥਾਂ ਭਾਜਪਾ ਹਾਈ ਕਮਾਂਡ ਨੂੰ ਕਹਿ ਕੇ ਉਸ ਸਮਝੌਤੇ ਦੀ ਪੂਰੀ ਡਿਟੇਲ ਅਤੇ ਕਾਪੀਆਂ ਜਨਤਕ ਕਿਉਂ ਨਹੀਂ ਕਰ ਦਿੰਦੇ।
ਪਨੂੰ ਨੇ ਕਿਹਾ ਕਿ ਜਾਖੜ ਸਾਹਿਬ ਲਗਭਗ ਹਰ ਰੋਜ਼ ਪ੍ਰੈੱਸ ਕਾਨਫਰੰਸਾਂ ਕਰ ਕੇ ਅਮਰੀਕਾ ਨਾਲ ਹੋਏ ਸਮਝੌਤੇ ਨੂੰ ਭਾਰਤ ਅਤੇ ਖਾਸ ਤੌਰ ਤੇ ਕਿਸਾਨਾਂ ਲਈ ਲਾਹੇਵੰਦ ਦੱਸ ਰਹੇ ਹਨ, ਪਰ ਅਜੇ ਤੱਕ ਉਸ ਸਮਝੌਤੇ ਦੀ ਕੋਈ ਅਧਿਕਾਰਤ ਕਾਪੀ ਜਾਂ ਡਿਟੇਲ ਜਨਤਕ ਨਹੀਂ ਕੀਤੀ ਗਈ।
ਉਹਨਾ ਸਵਾਲ ਚੁੱਕਿਆ ਕਿ ਜੇਕਰ ਜਾਖੜ ਕੋਲ ਇਸ ਸਮਝੌਤੇ ਦੀ ਪੂਰੀ ਜਾਣਕਾਰੀ ਅਤੇ ਕਾਪੀਆਂ ਮੌਜੂਦ ਹਨ ਤਾਂ ਉਹ ਭਾਜਪਾ ਹਾਈ ਕਮਾਂਡ ਨੂੰ ਕਹਿ ਕੇ ਇਹ ਸਮਝੌਤਾ ਜਨਤਕ ਕਿਉਂ ਨਹੀਂ ਕਰਵਾ ਦਿੰਦੇ? ਉਨ੍ਹਾ ਇਹ ਵੀ ਪੁੱਛਿਆ ਕਿ ਇਸ ਸਮਝੌਤੇ ‘ਤੇ ਸਾਈਨ ਪ੍ਰਧਾਨ ਮੰਤਰੀ ਨੇ ਕੀਤੇ ਹਨ, ਗ੍ਰਹਿ ਮੰਤਰੀ ਨੇ ਕੀਤੇ ਹਨ ਜਾਂ ਕਿਸੇ ਹੋਰ ਮੰਤਰੀ ਨੇ? ਲੋਕਾਂ ਨੂੰ ਇਸ ਬਾਰੇ ਜਾਣਨ ਦਾ ਪੂਰਾ ਹੱਕ ਹੈ।ਪੰਨੂ ਨੇ ਜਾਖੜ ਨੂੰ ਤਿੰਨ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦਿਆਂ ਯਾਦ ਕਰਵਾਇਆ ਕਿ ਜਦੋਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ ਤਾਂ ਉਸ ਵੇਲੇ ਬਾਦਲ ਪਰਵਾਰ, ਜੋ ਕਿ ਭਾਜਪਾ ਦੇ ਸਹਿਯੋਗੀ ਸਨ, ਨੇ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂ, ਪਰ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਯੂ-ਟਰਨ ਮਾਰ ਲਈ।’ਆਪ’ ਆਗੂ ਨੇ ਤਨਜ਼ ਕੱਸਦਿਆਂ ਜਾਖੜ ਨੂੰ ਕਿਹਾ ਕਿ ਹੁਣ ਕਿਤੇ ਤੁਸੀਂ ਵੀ ਯੂ-ਟਰਨ ਨਾ ਮਾਰ ਜਾਇਓ। ਜੇ ਤੁਹਾਡੇ ਕੋਲ ਇਸ ਸਮਝੌਤੇ ਦੀ ਪੂਰੀ ਜਾਣਕਾਰੀ ਹੈ ਤਾਂ ਉਸ ਨੂੰ ਜਨਤਕ ਕਰੋ, ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਸਕੇ।





