ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸੇਵਾ ਤੀਰਥ’ ਤੋਂ ਆਪਣੀਆਂ ਪਹਿਲੀਆਂ ਫਾਈਲਾਂ ’ਤੇ ਹਸਤਾਖਰ ਕੀਤੇ ਜਿਨਾਂ ਵਿੱਚ ਹਾਦਸਾ ਪੀੜਤਾਂ ਲਈ 1.5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਦੁੱਗਣਾ ਕਰਨਾ ਅਤੇ ਔਰਤਾਂ ਨੂੰ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਣਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੀ ਐਮ ਓ ਦੇ ਨਵੇਂ ਦਫ਼ਤਰ ਕੰਪਲੈਕਸ ਤੋਂ ਇਹ ਫੈਸਲੇ ਲਏ ਹਨ। ਪੀ ਐਮ ਓ ਨੇ ਕਿਹਾ, “ਸੇਵਾ ਤੀਰਥ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਪਹਿਲੇ ਫੈਸਲੇ ‘ਸੇਵਾ‘ ਦੀ ਭਾਵਨਾ ਨੂੰ ਦਰਸਾਉਂਦੇ ਹਨ ਅਤੇ ਸਮਾਜ ਦੇ ਹਰ ਵਰਗ ਲਈ ਨਵੀਂ ਉਮੀਦ ਹਨ। ਉਨਾਂ ਨੇ ਔਰਤਾਂ, ਨੌਜਵਾਨਾਂ ਅਤੇ ਕਮਜ਼ੋਰ ਨਾਗਰਿਕਾਂ ਲਈ ਮਹੱਤਵਪੂਰਨ ਫੈਸਲਿਆਂ ਨਾਲ ਸਬੰਧਤ ਫਾਈਲਾਂ ’ਤੇ ਦਸਤਖਤ ਕੀਤੇ ਹਨ।ਇਨ੍ਹਾਂ ਮਹੱਤਵਪੂਰਨ ਨਵੇਂ ਉਪਰਾਲਿਆਂ ਵਿੱਚ ਪ੍ਰਧਾਨ ਮੰਤਰੀ ਰਾਹਤ ਸਕੀਮ, ਲਖਪਤੀ ਦੀਦੀਆਂ ਦੇ ਟੀਚੇ ਨੂੰ ਦੁੱਗਣਾ ਕਰਕੇ 6 ਕਰੋੜ ਕਰਨਾ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਦੁੱਗਣਾ ਕਰਕੇ 2 ਲੱਖ ਕਰੋੜ ਰੁਪਏ ਕਰਨਾ ਅਤੇ 10,000 ਕਰੋੜ ਰੁਪਏ ਦੇ ਕਾਰਪਸ ਨਾਲ ਸਟਾਰਟਅੱਪ ਇੰਡੀਆ ਫੰਡ ਆਫ ਫੰਡਸ 2.0 ਸ਼ਾਮਲ ਹਨ।ਪ੍ਰਧਾਨ ਮੰਤਰੀ ਦੁਆਰਾ ਲਏ ਗਏ 4 ਮੁੱਖ ਫੈਸਲਿਆਂ ਵਿੱਚ ਪਹਿਲਾ ਪੀ ਐਮ ਰਾਹਤ ਸਕੀਮ ਹੈ ਜਿਸ ਤਹਿਤ ਪ੍ਰਧਾਨ ਮੰਤਰੀ ਨੇ ਇਸ ਸਕੀਮ ਦੀ ਸ਼ੁਰੂਆਤ ਨੂੰ ਮਨਜ਼ੂਰੀ ਦਿੱਤੀ ਜਿਸ ਤਹਿਤ ਹਾਦਸਾ ਪੀੜਤਾਂ ਨੂੰ 1.5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦੇਣ ਦਾ ਫੈਸਲਾ ਕੀਤਾ ਹੈ, ਤਾਂ ਜੋ ਤੁਰੰਤ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਕੋਈ ਜਾਨ ਨਾ ਜਾਵੇ।ਇਸ ਤੋਂ ਇਲਾਵਾ ਸਰਕਾਰ ਨੇ ਮਾਰਚ 2027 ਦੀ ਸਮਾਂ ਸੀਮਾ ਤੋਂ ਇੱਕ ਸਾਲ ਪਹਿਲਾਂ ਹੀ 3 ਕਰੋੜ ਲਖਪਤੀ ਦੀਦੀਆਂ ਦਾ ਅੰਕੜਾ ਪਾਰ ਕਰ ਲਿਆ ਹੈ। ਹੁਣ ਪ੍ਰਧਾਨ ਮੰਤਰੀ ਨੇ ਮਾਰਚ 2029 ਤੱਕ 6 ਕਰੋੜ ਲਖਪਤੀ ਦੀਦੀਆਂ ਦਾ ਨਵਾਂ ਟੀਚਾ ਮਿੱਥਿਆ ਹੈ।ਤੀਜਾ ਫੈਸਲੇ ਵਿੱਚ ਭਾਰਤ ਦੀ ਖੇਤੀਬਾੜੀ ਵੈਲਿਊ ਚੇਨ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਨੇ ਇਸ ਫੰਡ ਨੂੰ 1 ਲੱਖ ਕਰੋੜ ਰੁਪਏ ਤੋਂ ਵਧਾ ਕੇ 2 ਲੱਖ ਕਰੋੜ ਰੁਪਏ ਕਰਨ ਦੀ ਮਨਜ਼ੂਰੀ ਦਿੱਤੀ ਹੈ।ਚੌਥੇ ਫੈਸਲੇ ਤਹਿਤ ਇਨੋਵੇਸ਼ਨ ਈਕੋਸਿਸਟਮ, ਖਾਸ ਤੌਰ ‘ਤੇ ਡੀਪ ਟੈਕ ਅਤੇ ਐਡਵਾਂਸਡ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ, 10,000 ਕਰੋੜ ਰੁਪਏ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਨਵੇਂ ਦਫ਼ਤਰ ਕੰਪਲੈਕਸ ਦੇ ਨਾਂ ਦਾ ‘ਸੇਵਾ ਤੀਰਥ’ ਵਜੋਂ ਉਦਘਾਟਨ ਕੀਤਾ।


