ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕ ਖ਼ਤਮ ਕਰ ਰਹੀ : ਬਾਸੂ

0
315

ਜਲੰਧਰ, (ਕੇਸਰ)-ਸੀ ਪੀ ਐੱਮ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਵਿੱਚ 14 ਤੋਂ 23 ਸਤੰਬਰ ਤੱਕ ਲੋਕ ਮਸਲਿਆਂ ਦੇ ਹੱਲ ਲਈ ਜਨ-ਸੰਪਰਕ ਮੁਹਿੰਮ ਚਲਾਈ ਗਈ। ਆਮ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਮੁਹਿੰਮ ਦੇ ਆਖਰੀ ਦਿਨ 24 ਸਤੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਾਥੀ ਪੰਡਤ ਕਿਸ਼ੋਰੀ ਲਾਲ ਚੌਕ ਵੱਲ ਮਾਰਚ ਕਰਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਭੂਪ ਚੰਦ ਚੰਨੋ ਵੱਲੋਂ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਆਗੂ ਨਿਲੋਤਪਾਲ ਬਾਸੂ ਨੇ ਕਿਹਾ ਕਿ ਮੋਦੀ ਸਰਕਾਰ ਫਿਰਕੂ ਕਾਰਪੋਰੇਟ ਗਠਜੋੜ ਦੀ ਸਰਕਾਰ ਹੈ। ਇਹ ਦੇਸ਼ ਦੇ ਹਰ ਖੇਤਰ ਨੂੰ ਖਤਰਾ ਪੈਦਾ ਕਰ ਰਹੀ ਹੈ। ਦੇਸ਼ ਦਾ ਧਨ-ਦੌਲਤ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਭਾਈਚਾਰਿਕ ਸਾਂਝ ਨੂੰ ਸਮਾਜ ਅੰਦਰ ਫਿਰਕੂ ਵੰਡ ਕਰਕੇ ਖ਼ਤਰੇ ਵਿਚ ਪਾਇਆ ਜਾ ਰਿਹਾ ਹੈ। ਲੋਕਾਂ ਦੇ ਜਮਹੂਰੀ ਹੱਕ ਖ਼ਤਮ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ ਕੇਂਦਰ ਸਰਕਾਰ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਬੇਰੁਜ਼ਗਾਰੀ ਪੈਦਾ ਕਰ ਰਹੀ ਹੈ। ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਬਜਾਏ ਖ਼ਤਮ ਕੀਤੇ ਜਾ ਰਹੇ ਹਨ। ਭਾਰਤੀ ਫੌਜ ਦਾ ਨਿੱਜੀਕਰਨ ਕਰਕੇ ਦੇਸ਼ ਦੀ ਸੁਰੱਖਿਆ ਨੂੰ ਵੀ ਖ਼ਤਰੇ ਵਿਚ ਪਾਇਆ ਜਾ ਰਿਹਾ ਹੈ।ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ, ਅਮਨ-ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾਵੇ, ਪੰਜਾਬ ਅੰਦਰ ਚਲੰਤ ਮਾਮਲਿਆਂ ਦਾ ਹੱਲ ਕੱਢਿਆ ਜਾਵੇ। ਮੁਜ਼ਾਹਰਾਕਾਰੀ ਸਰਕਾਰ ਵਿਰੁੱਧ ਨਾਅਰੇ ਮਾਰਦੇ ਹੋਏ ਮੰਗ ਕਰ ਰਹੇ ਸਨ ਕਿ ਵਧ ਰਹੀ ਮਹਿੰਗਾਈ ਨੂੰ ਰੋਕਿਆ ਜਾਵੇ, ਖਾਣ-ਪੀਣ ਵਾਲੀਆਂ ਵਸਤੂਆਂ ’ਤੇ ਲਗਾਏ ਟੈਕਸ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਸਭ ਲਈ ਸਸਤੀ ਵਿਦਿਆ ਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਦਾ ਕੰਮ ਤੇ ਦਿਹਾੜੀ 600 ਰੁਪਏ ਦਿੱਤੀ ਜਾਵੇ, ਮਨਰੇਗਾ ਦੇ ਬਜਟ ਵਿੱਚ ਕਟੌਤੀ ਕਰਨੀ ਬੰਦ ਕੀਤੀ ਜਾਵੇ। ਰੈਲੀ ਅਤੇ ਮੁਜ਼ਾਹਰੇ ਵਿੱਚ ਪਾਰਟੀ ਦੇ ਸੂਬਾਈ ਆਗੂਆਂ ਤੋਂ ਇਲਾਵਾ ਸੀ ਪੀ ਐੱਮ ਦੇ ਕੇਂਦਰੀ ਕਮੇਟੀ ਤੇ ਪੋਲਿਟ ਬਿਊਰੋ ਮੈਂਬਰ ਨਿਲੋਤਪਾਲ ਬਾਸੂ ਸਾਬਕਾ ਮੈਂਬਰ ਪਾਰਲੀਮੈਂਟ, ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਸਮੇਤ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਭੂਪ ਚੰਦ ਚੰਨੋ, ਰਾਮ ਸਿੰਘ ਨੂਰਪੁਰੀ, ਮੇਜਰ ਸਿੰਘ ਭਿੱਖੀਵਿੰਡ, ਗੁਰਦਰਸ਼ਨ ਸਿੰਘ ਖਾਸਪੁਰ, ਬਲਵੀਰ ਸਿੰਘ ਜਾਡਲਾ, ਰੂਪ ਬਸੰਤ ਸਿੰਘ ਬੜੈਚ, ਗੁਰਨੇਕ ਸਿੰਘ ਭੱਜਲ, ਅਬਦੁਲ ਸਤਾਰ, ਸੁਖਪ੍ਰੀਤ ਸਿੰਘ ਜੌਹਲ ਤੇ ਸੁੱਚਾ ਸਿੰਘ ਅਜਨਾਲਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here