ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਮੁਲਕ ਦੀਆਂ ਦੋ ਨਾਮਵਰ ਹਸਤੀਆਂ ਉਪਰ ਯੋਜਨਾਬੱਧ ਢੰਗ ਨਾਲ ਭਾਜਪਾ ਹਕੂਮਤ ਦੀ ਸਰਪ੍ਰਸਤੀ ਹੇਠ ਪਲ਼ਦੇ ਫਿਰਕੂ ਤੱਤਾਂ ਵੱਲੋਂ ਜ਼ੁਬਾਨਬੰਦੀ ਕਰਨ ਲਈ ਹੱਲਾ ਬੋਲਿਆ ਜਾਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਹਨਾਂ ਦੱਸਿਆ ਕਿ ਬੰਬਈ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਉੱਘੇ ਫਿਲਮੀ ਕਲਾਕਾਰ ਅਤੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਣ ਵਾਲੇ ਨਸੀਰੂਦੀਨ ਸ਼ਾਹ ਨੂੰ ਵਿਚਾਰ-ਚਰਚਾ ਕਰਨ ਤੋਂ ਆਨੇ-ਬਹਾਨੇ ਘੜ ਕੇ ਕੋਰਾ ਜਵਾਬ ਦੇਣਾ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਮੁਲਕ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਇਰਫ਼ਾਨ ਹਬੀਬ ਉਪਰ ਪਾਣੀ ਦੀਆਂ ਬੋਤਲਾਂ ਸੁੱਟ ਕੇ ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਸਮਾਗਮ ਤਾਰਪੀਡੋ ਕਰਨ ਦੀ ਘਿਨੌਣੀ ਕਾਰਵਾਈ ਮੁਲਕ ਅੰਦਰ ਫਿਰਕੂ ਫਾਸ਼ੀ ਹੱਲੇ ਦੇ ਫੈਲਦੇ ਪੰਜਿਆਂ ਦੀ ਨੰਗੀ-ਚਿੱਟੀ ਗਵਾਹੀ ਹੈ।ਕਮੇਟੀ ਦਾ ਕਹਿਣਾ ਹੈ ਕਿ ਗਿਆਨ-ਵਿਗਿਆਨ ਅਤੇ ਹਕੀਕੀ ਲੋਕ ਇਤਿਹਾਸ ਦੀ ਗੱਲ ਅੱਗੇ ਲਾਜਵਾਬ ਭਾਜਪਾ ਹਕੂਮਤ ਹੁਣ ਬੁੱਧੀਜੀਵੀਆਂ, ਕਲਾਕਾਰਾਂ ਨੂੰ ਆਪਣੇ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆਉਣ ਲਈ ਬੁਖਲਾਈ ਹੋਈ ਹੈ। ਅਜਿਹੇ ਕੋਝੇ ਮਨਸੂਬੇ ਅਸਲ ਵਿੱਚ ਅਮਰੀਕੀ ਸਾਮਰਾਜੀ ਲਾਣੇ ਅੱਗੇ ਗੋਡੇ ਟੇਕ ਕੇ ਕੀਤੇ ਸਮਝੌਤੇ ਖ਼ਿਲਾਫ਼ ਭਵਿੱਖ਼ ਵਿੱਚ ਉਠਣ ਵਾਲੇ ਜਨਤਕ ਪ੍ਰਤੀਰੋਧ ਨੂੰ ਨੱਪਣ ਲਈ ਲੋਕਾਂ ਦੀ ਆਵਾਜ਼ ਬਣਨ ਵਾਲੇ ਸੂਝਵਾਨ ਜ਼ਹੀਨ ਬੁੱਧੀਜੀਵੀਆਂ ਨੂੰ ਖਾਮੋਸ਼ ਕਰਨ ਦਾ ਭਰਮ ਪਾਲਣ ਵਾਲਿਆਂ ਨੂੰ ਨਸੀਰੂਦੀਨ ਅਤੇ ਇਰਫ਼ਾਨ ਹਬੀਬ ਦੇ ਤੁਰੰਤ ਪੈਰ ਦਿੱਤੀ ਪ੍ਰਤੀਕਿਰਿਆ, ‘ਉਹ ਆਪਣੀ ਗੱਲ ਹਰ ਹਾਲਤ ਭਵਿੱਖ਼ ਵਿੱਚ ਵੀ ਜਾਰੀ ਰੱਖਣਗੇ’ ਦੇ ਐਲਾਨ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਹੱਕ-ਸੱਚ ਦੀ ਆਵਾਜ਼ ਨੂੰ ਕਦੇ ਵੀ ਖਾਮੋਸ਼ ਨਹੀਂ ਕੀਤਾ ਜਾ ਸਕਦਾ।ਕਮੇਟੀ ਨੇ ਪੰਜਾਬ ਵਾਸੀਆਂ ਨੂੰ ਚੌਕੰਨੇ ਕੀਤਾ ਕਿ ਅਜਿਹੇ ਹਮਲੇ ਪੰਜਾਬ ਵਿੱਚ ਵੀ ਕਰਨ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ, ਇਸ ਲਈ ਕਮੇਟੀ ਨੇ ਸਭਨਾਂ ਲੋਕ-ਪੱਖੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਇਸ ਦਾ ਟਾਕਰਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।





