ਦੇਹਰਾਦੂਨ : ਪੰਜ ਦਿਨਾਂ ਤੋਂ ਲਾਪਤਾ ਅੰਕਿਤਾ ਭੰਡਾਰੀ ਦੀ ਨਹਿਰ ’ਚ ਸੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਖੁਲਾਸਾ ਕਰਦੇ ਹੋਏ ਪੁਲਸ ਨੇ ਹੱਤਿਆ ਦਾ ਮੁਕਦਮਾ ਦਰਜ ਕਰਕੇ ਰਿਜ਼ੋਰਟ ਮਾਲਕ ਅਤੇ ਉਸ ਦੇ ਦੋ ਮੈਨੇਜਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਰਿਜ਼ੋਰਟ ਦਾ ਮਾਲਕ ਹਰਿਦੁਆਰ ਦੇ ਭਾਜਪਾ ਨੇਤਾ ਵਿਨੋਦ ਆਰੀਆ ਦਾ ਪੁੱਤ ਹੈ। ਉਤਰਾਖੰਡ ਦੀ ਐੱਸ ਡੀ ਆਰ ਐੱਫ਼ ਟੀਮ ਨੇ ਸ਼ਨੀਵਾਰ ਸਵੇਰੇ ਅੰਕਿਤਾ ਭੰਡਾਰੀ ਦੀ ਲਾਸ਼ ਰਿਸ਼ੀਕੇਸ਼ ਦੀ ਚਿੱਲਾ ਨਹਿਰ ’ਚੋਂ ਬਰਾਮਦ ਕਰ ਲਈ। ਮਿ੍ਰਤਕ ਦੇ ਭਰਾ ਅਤੇ ਪਿਤਾ ਨੇ ਲਾਸ਼ ਦੀ ਪਛਾਣ ਕੀਤੀ ਹੈ। ਬੈਰਾਜ ’ਚ ਮਿਲੀ ਲਾਸ਼ ਅੰਕਿਤਾ ਭੰਡਾਰੀ ਦੀ ਹੈ। ਮਾਮਲੇ ’ਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬੇਟੀ ਅੰਕਿਤਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਸ ਦੁਖਦਾਈ ਘਟਨਾ ਨਾਲ ਮਨ ਬਹੁਤ ਉਦਾਸ਼ ਹੈ।
ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਐੱਸ ਆਈ ਟੀ ਦਾ ਗਠਨ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ। ਦੋਸ਼ੀਆਂ ਦੇ ਗੈਰ-ਕਾਨੂੰਨੀ ਰੂਪ ਨਾਲ ਬਣੇ ਰਿਜ਼ੋਰਟ ’ਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਬੀਤੀ ਰਾਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਗੁੰਮ ਹੋਈ ਅੰਕਿਤਾ ਭੰਡਾਰੀ ਨੂੰ ਨਹਿਰ ’ਚ ਸੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਅੰਕਿਤਾ ਦੀ ਲਾਸ਼ ਤਲਾਸ਼ਣ ਲਈ ਪੁਲਸ ਨੇ ਐੱਨ ਡੀ ਆਰ ਐੱਫ਼ ਦੀ ਮਦਦ ਲਈ ਸੀ। ਪੌੜੀ ਗੜਵਾਲ ਦੇ ਨਾਂਦਲਸੂ ਪੱਟੀ ਦੀ ਸ੍ਰੀਕੋਟ ਨਿਵਾਸੀ ਅੰਕਿਤਾ ਭੰਡਾਰੀ (19) ਵਨੰਤਾ ਰਿਜ਼ੋਰਟ ’ਚ ਰਿਸੈਪਸ਼ਨਿਸਟ ਦੇ ਤੌਰ ’ਤੇ ਕੰਮ ਕਰਦੀ ਸੀ। ਉਹ ਬੀਤੀ 18 ਸਤੰਬਰ ਤੋਂ ਲਾਪਤਾ ਸੀ। ਗੁੰਮਸ਼ਦਗੀ ਦੀ ਰਿਪੋਰਟ ਵੀ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਵੱਲੋਂ ਦਰਜ ਕਰਵਾਈ ਗਈ। ਵੀਰਵਾਰ ਤੱਕ ਅੰਕਿਤਾ ਦਾ ਕੁਝ ਪਤਾ ਨਹੀਂ ਚੱਲਿਆ। ਜਦ ਪੁਲਸ ਨੇ ਜਾਂਚ ਕੀਤੀ ਤਾਂ ਰਿਜ਼ੋਰਟ ਮਾਲਕ ਅਤੇ ਉਸ ਦੇ ਮੈਨੇਜਰ ਦੀ ਭੂਮਿਕਾ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਅੰਕਿਤਾ ’ਤੇ ਉਹ ਉਥੇ ਆਉਣ ਵਾਲੇ ਗਾਹਕਾਂ ਨਾਲ ਸੰਬੰਧ ਬਣਾਉਣ ਨੂੰ ਕਹਿੰਦੇ ਸਨ। ਇਹ ਗੱਲ ਅੰਕਿਤਾ ਸਾਰਿਆਂ ਨੂੰ ਦੱਸ ਰਹੀ ਸੀ, ਉਹ ਵਾਰ-ਵਾਰ ਰਿਜ਼ੋਰਟ ਦੀ ਹਕੀਕਤ ਸਾਹਮਣੇ ਲਿਆਉਣ ਦੀ ਧਮਕੀ ਦੇ ਰਹੀ ਸੀ। ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਏ ਐੱਸ ਪੀ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਪੁਲਕਿਤ ਆਰਿਆ, ਅੰਕਿਤ ਉਰਫ ਪੁਲਕਿਤ ਗੁਪਤਾ ਆਰੀਆ ਅਤੇ ਸੌਰਭ ਭਾਸਕਰ ਨੂੰ ਹੱਤਿਆ, ਸਬੂਤ ਛਪਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕਰ ਲਿਆ ਗਿਆ। ਜਿੱਥੇ ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਅੰਕਿਤਾ ਦੀ ਹੱਤਿਆ ਨਾਲ ਗੁੱਸੇ ’ਚ ਆਈਆਂ ਔਰਤਾਂ ਨੇ ਪੁਲਸ ਵੈਨ ਰੋਕ ਕੇ ਤਿੰਨਾਂ ਦੋਸ਼ੀਆਂ ਨੂੰ ਖੂਬ ਕੁੱਟਿਆ। ਦੋਸ਼ੀਆਂ ਨੂੰ ਜਦੋਂ ਪੁਲਸ ਕੋਰਟ ’ਚ ਪੇਸ਼ ਕਰਨ ਲਈ ਕੋਟਦੁਆਰ ਲੈ ਕੇ ਜਾ ਰਹੀ ਸੀ ਤਾਂ ਇਸ ਦੌਰਾਨ ਬੈਰਾਜ ਪੁਲਸ ਤੋਂ ਅੱਗੇ ਸੈਂਕੜੇ ਪਿੰਡ ਵਾਸੀਆਂ ਨੇ ਪੁਲਸ ਦੀ ਗੱਡੀ ਰੋਕ ਲਈ ਅਤੇ ਤਿੰਨਾਂ ਨੂੰ ਖੂਬ ਕੁੱਟਿਆ।
ਅੰਕਿਤਾ ਭੰਡਾਰੀ ਦੀ ਹੱਤਿਆ ਦੇ ਮਾਮਲੇ ’ਚ ਭਾਜਪਾ ਨੇ ਪਾਰਟੀ ਦੇ ਆਗੂ ਵਿਨੋਦ ਆਰੀਆ ਨੂੰ ਪਾਰਟੀ ’ਚੋਂ ਕੱਢ ਦਿੱਤਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਆਦੇਸ਼ ’ਤੇ ਅੰਕਿਤ ਆਰਿਆ ਨੂੰ ਉਤਰਾਖੰਡ ਅਤੇ ਪੱਛੜਾ ਵਰਗ ਕਮਿਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ।
ਅੰਕਿਤਾ ਭਾਜਪਾ ਆਗੂ ਵਿਨੋਦ ਆਰੀਆ ਦੇ ਲੜਕੇ ਪੁਲਕਿਤ ਆਰੀਆ ਦੇ ਰਿਜ਼ੋਰਟ ਵਿੱਚ ਨੌਕਰੀ ਕਰਦੀ ਸੀ, ਜਿਸ ਦੀ ਹੱਤਿਆ ਦੇ ਦੋਸ਼ ਭਾਜਪਾ ਆਗੂ ਦੇ ਲੜਕੇ ’ਤੇ ਲੱਗੇ ਹਨ।



